ਸਿੱਖਿਆ ਵਿਭਾਗ ਘਟ ਰਹੇ ਦਾਖਲਿਆਂ ਲਈ ਅਸਲ ਕਾਰਣਾਂ ਦੀ ਘੋਖ ਕਰੇ : ਡੀ ਟੀ ਐੱਫ
ਦਲਜੀਤ ਕੌਰ
ਚੰਡੀਗੜ੍ਹ, 18 ਅਪ੍ਰੈਲ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਘਟ ਰਹੇ ਦਾਖਲਿਆਂ ਬਾਰੇ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਉੱਤੇ ਬਣਾਏ ਜਾ ਰਹੇ ਮਾਨਸਿਕ ਦਬਾਅ ਦਾ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਦਬਾਅ ਬਣਾਉਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਨੂੰ ਇਸ ਦੇ ਅਸਲੀ ਕਾਰਣਾਂ ਨੂੰ ਘੋਖਣ ਲਈ ਯਤਨਸ਼ੀਲ ਹੋਣ ਦੀ ਸਲਾਹ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਿਸ ਤਰ੍ਹਾਂ ਅਧਿਆਪਕਾਂ ਨੂੰ ਘੱਟ ਦਾਖਲਿਆਂ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਘਰ ਘਰ ਜਾ ਕੇ ਦਾਖ਼ਲੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਵਾਰ ਵਾਰ ਮੀਟਿੰਗਾਂ ਕਰਕੇ ਦਾਖਲਾ ਟੀਚੇ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ, ਇਹ ਸਰਾਸਰ ਗੈਰ ਮਨੋਵਿਗਿਆਨਕ ਹੈ। ਵਿਭਾਗ ਦੇ ਅਜਿਹੇ ਰਵੱਈਏ ਖਿਲਾਫ ਅਧਿਆਪਕਾਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਦਾਖਲੇ ਟੀਚੇ ਪੂਰੇ ਕਰਨ ਲਈ ਅਧਿਆਪਕਾਂ ਨੂੰ ਸਕੂਲੋਂ ਕੱਢ ਕੇ ਘਰ ਘਰ ਦਾਖਲੇ ਲਈ ਤੋਰਨਾ ਸਕੂਲ ਮੁਖੀ ਦੀ ਮਜ਼ਬੂਰੀ ਬਣ ਜਾਂਦਾ ਹੈ ਅਤੇ ਪਿੱਛੇ ਰਹਿ ਗਏ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਕਿਸੇ ਕੀਮਤ ਤੇ ਨਹੀਂ ਕੀਤੀ ਜਾ ਸਕਦੀ।
ਡੀ ਟੀ ਐੱਫ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਲ ਸਿੱਖਿਆ ਦੀ ਸਥਿਤੀ ਸੁਧਾਰਨ ਲਈ ਕੋਈ ਨੀਤੀ ਹੀ ਨਹੀਂ ਹੈ, ਸਿਰਫ ਅਧਿਆਪਕਾਂ ਤੇ ਦਬਾਅ ਬਣਾਕੇ, ਵੱਡੇ ਵੱਡੇ ਪੋਸਟਰ ਲਾ ਕੇ ਜਾਂ ਦਾਖਲੇ ਵਧਾਉਣ ਦੀਆਂ ਮੁਹਿੰਮਾਂ ਚਲਾ ਕੇ ਸਿੱਖਿਆ ਸੁਧਾਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ, ਸਫਾਈ ਸੇਵਕ/ਪੀਅਨ/ਮਾਲੀ/ਚੌਂਕੀਦਾਰ/ ਹੈਲਪਰਾਂ ਦਾ ਨਾ ਹੋਣਾ, ਅਧਿਆਪਕਾਂ ਤੋਂ ਪੜ੍ਹਾਈ ਦੇ ਨਾਲ ਨਾਲ ਕਲੈਰੀਕਲ ਕੰਮ, ਨਿਰਮਾਣ ਕੰਮ ਅਤੇ ਉਸਦਾ ਰਿਕਾਰਡ ਰੱਖਣ ਦਾ ਕੰਮ, ਡਾਟਾ ਐਂਟਰੀ ਦਾ ਕੰਮ, ਗ੍ਰਾਂਟਾਂ ਖਰਚਣ ਸਬੰਧੀ ਰਿਕਾਰਡ ਰੱਖਣ ਆਦਿ ਦੇ ਕੰਮ ਕਾਰਣ ਅਧਿਆਪਕ ਪਹਿਲਾਂ ਹੀ ਮਾਨਸਿਕ ਦਬਾਅ ਅਧੀਨ ਹਨ ਅਤੇ ਹੁਣ ਦਾਖਲੇ ਵਧਾਉਣ ਦਾ ਦਬਾਅ ਬਣਾਕੇ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਦਾਖਲੇ ਵਧਾਉਣ ਦਾ ਬੇਲੋੜੇ ਦਬਾਅ ਅਧੀਨ ਜੇਕਰ ਅਧਿਆਪਕ ਸੰਘਰਸ਼ ਦਾ ਰਾਹ ਫੜ੍ਹਦੇ ਹਨ ਤਾਂ ਇਸਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ।