'ਆਪ' ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਵੱਲੋਂ 30 ਅਪ੍ਰੈਲ ਨੂੰ ਜਲੰਧਰ ਵਿਖੇ ਰੋਸ ਰੈਲੀ ਦਾ ਐਲਾਨ
ਦਲਜੀਤ ਕੌਰ
ਸੰਗਰੂਰ, 6 ਅਪ੍ਰੈਲ, 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨਾਲ ਬੀਤੀ 30 ਦਸੰਬਰ 2022 ਨੂੰ ਹੋਈ ਪੈਨਲ ਮੀਟਿੰਗ ਦੌਰਾਨ ਪਿਛਲੇ 11 ਸਾਲਾਂ ਤੋਂ ਪੈਂਡਿੰਗ 7654, 3442, 5178 ਭਰਤੀਆਂ ਦੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਨਾਲ ਸਬੰਧਿਤ 125 ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਹੁਣ ਤੱਕ ਇਹ ਭਰੋਸਾ ਸਿਰਫ ਲਾਰਾ ਹੀ ਸਾਬਿਤ ਹੋਇਆ ਹੈ ਅਤੇ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਜਿਸ ਦੇ ਮੱਦੇਨਜ਼ਰ ਡੀ.ਟੀ.ਐੱਫ. ਵੱਲੋਂ ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਨੂੰ ਆਰ-ਪਾਰ ਦੀ ਮੰਗ ਬਣਾ ਕੇ ਅਤੇ ਬਾਕੀ ਅਧਿਆਪਕ ਮੰਗਾਂ ਦੇ ਹੱਲ ਲਈ 30 ਅਪ੍ਰੈਲ 2023 ਨੂੰ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਡੀ.ਟੀ.ਐੱਫ. ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਆਗੂਆਂ ਗੁਰਧੀਰ ਸਿੰਘ, ਪਰਵਿੰਦਰ ਕੌਰ, ਮੀਨਾਕਸ਼ੀ ਅਤੇ ਸੈਂਕੀ ਨੇ ਦੱਸਿਆ ਕੇ ਸਿੱਖਿਆ ਵਿਭਾਗ ਦੀਆਂ 7654, 3442, 5178 ਭਰਤੀਆਂ ਵਿਚੋਂ 125 ਦੇ ਕਰੀਬ ਓਡੀਐਲ ਅਧਿਆਪਕਾਂ ਦੇ ਰੈਗੂਲਰ ਆਰਡਰ ਪਿਛਲੇ ਲਗਭਗ 11 ਸਾਲਾਂ ਤੋਂ ਰੋਕਦਿਆਂ, ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਨਾਲ ਘੋਰ ਨਾ-ਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਸਿਰਫ 10,300/- ਰੁਪਏ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਦੇ ਕੇ ਇਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰਾਂ ਮੇਘ ਰਾਜ ਅਤੇ ਦਲਜੀਤ ਸਫੀਪੁਰ ਨੇ ਦੱਸਿਆ ਕਿ ਪੰਜਾਬ ਰਾਜ ਤੋਂ ਬਾਹਰ ਸਥਿਤ ਯੂਨੀਵਰਸਿਟੀਆਂ ਤੋਂ ਓਪਨ ਡਿਸਟੈਂਸ ਲਰਨਿੰਗ ਮੋਡ ਰਾਹੀਂ ਹਾਸਲ ਵਿੱਦਿਅਕ ਯੋਗਤਾਵਾਂ ਦੇ ਅਧਾਰ 'ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਇਨ੍ਹਾਂ ਅਧਿਆਪਕਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਜ਼ਾਰਾਂ ਕਰਮਚਾਰੀ ਨਿਯੁਕਤ ਕੀਤੇ ਗਏ ਹਨ ਅਤੇ ਨਿਰੰਤਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਸਿਰਫ ਇਨ੍ਹਾਂ ਅਧਿਆਪਕਾਂ ਨੂੰ ਹੀ ਬਣਦੇ ਰੈਗੂਲਰਾਈਜੇ਼ਸ਼ਨ ਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਜਦਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੰ: 11049/2017 ਕਰਮਜੀਤ ਕੋਰ ਬਨਾਮ ਪੰਜਾਬ ਸਰਕਾਰ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਹੁਕਮ ਦਿੱਤਾ ਹੈ, ਇਸ ਦੇ ਬਾਵਜੂਦ ਪੰਜਾਬ ਸਰਕਾਰ ਕਾਨੂੰਨੀ ਅੜਿੱਕੇ ਦਾ ਬਹਾਨਾ ਬਣਾ ਕੇ ਇਹਨਾਂ ਅਧਿਆਪਕਾਂ ਨੂੰ ਲਗਾਤਾਰ ਖੱਜਲ ਖੁਆਰ ਕਰ ਰਹੀ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਓ ਡੀ ਐਲ ਅਧਿਆਪਕ ਆਗੂਆਂ ਕਮਲਜੀਤ ਬਨਭੌਰਾ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਕੁਲਵੰਤ ਖਨੌਰੀ, ਸੁਖਵੀਰ ਖਨੌਰੀ, ਰਮਨ ਗੋਇਲ, ਦੀਨਾ ਨਾਥ, ਮਨਜੀਤ ਲਹਿਰਾ, ਸੁਖਪਾਲ ਸਫੀਪੁਰ, ਗੁਰਜੀਤ ਸ਼ਰਮਾ, ਗੌਰਵਜੀਤ, ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਸਰਕਾਰ ਖ਼ਿਲਾਫ਼ ਵੱਡੇ ਪੱਧਰ ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।