ਮੋਹਾਲੀ: 4 ਅਪ੍ਰੈਲ, ਜਸਵੀਰ ਸਿੰਘ ਗੋਸਲ
ਅੱਜ ਸਕੂਲ ਲੈਕਕਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ 2023 ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਤੇ ਮਾਰਕਿੰਗ ਦੇ ਪ੍ਰਬੰਧ ਦੇ ਸੰਬੰਧ ਚਰਚਾ ਕੀਤੀ ਗਈ |ਇਸ ਸੰਬੰਧ ਵਿੱਚ ਜਾਣਕਾਰੀ ਦੇਂਦਿਆਂ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਉੱਤਰ ਪੱਤਰੀਆਂ ਦੀ ਮਾਰਕਿੰਗ, ਮਾਰਕਿੰਗ ਸੈਂਟਰਾਂ ਰਾਹੀਂ ਟੇਬਲ ਮਾਰਕਿੰਗ ਦੇ ਪੈਟਰਨ ਨਾਲ਼ ਕਰਵਾਈ ਜਾਂਦੀ ਹੈ|ਜਿਸ ਵਿੱਚ ਮਾਰਕਿੰਗ ਸੈਂਟਰ ਤੇ ਬੈਠ ਕੇ ਪੇਪਰਾਂ ਦੀ ਮਾਰਕਿੰਗ ਕਰਨੀ ਲਾਜ਼ਮੀ ਹੈ | ਬੋਰਡ ਵੱਲੋਂ ਇਸ ਕਾਰਜ ਲਈ ਫ਼ੀਲਡ ਵਿਚੋਂ ਅਧਿਆਪਕਾਂ ਤੇ ਲੈਕਚਰਾਰਜ਼ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ|ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਇਹ ਡਿਊਟੀਆਂ ਪ੍ਰੀਖਿਆ ਦੀ ਡੇਟਸ਼ੀਟ ਦੇ ਹਿਸਾਬ ਨਾਲ਼ ਤਕਰੀਬਨ ਅੱਧ ਮਾਰਚ ਤੋਂ ਅਪ੍ਰੈਲ ਅੰਤ ਤੱਕ ਚਲਦੀਆਂ ਹਨ ਜਿਸ ਨਾਲ਼ ਵੱਖ- ਵੱਖ ਵਿਸ਼ਿਆਂ ਦੇ ਅਧਿਆਪਕ ਤੇ ਲੈਕਕਰਾਰ ਸਕੂਲ ਤੋਂ ਬਾਹਰ ਮਾਰਕਿੰਗ ਸੈਂਟਰ ਤੇ ਡਿਊਟੀ ਕਰਦੇ ਹਨ, ਸਿੱਟੇ ਵਜੋਂ ਸਕੂਲ ਦੀਆਂ ਘਰੇਲੂ ਪ੍ਰੀਖਿਆਵਾਂ ਅਤੇ ਅਪ੍ਰੈਲ ਤੋਂ ਹੋਣ ਵਾਲੀ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਵਿੱਦਿਅਕ ਵਰ੍ਹੇ ਦੇ ਵਰਕਿੰਗ ਆਵਰ ਘੱਟਣ ਨਾਲ਼ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਅਤੇ ਘਰੇਲੂ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ| ਦੂਸਰਾ ਇਹ ਮਾਰਕਿੰਗ ਸੈਂਟਰ ਸਕੂਲਾਂ ਤੋਂ ਦੂਰੀ ਤੇ ਹੁੰਦੇ ਹਨ ਜਿਸ ਕਾਰਨ ਆਉਣ- ਜਾਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|ਇੱਥੇ ਇਹ ਜ਼ਿਕਰਯੋਗ ਹੈ ਕਿ ਬੋਰਡ ਪ੍ਰੀਖਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲਦਾ ਦੇ ਜਿਸ ਵਿੱਚ ਬਾਰ੍ਹਵੀਂ ਜਮਾਤ ਦੀ 1750 ਰੁਪਏ, ਅਤੇ ਦਸਵੀਂ ਲਈ 1300 ਰੁਪਏ ਅਤੇ ਪੰਜਾਬੀ ਦੇ ਵਾਧੂ ਵਿਸ਼ੇ ਲਈ 4100 ਰੁਪਏ ਪ੍ਰਤੀ ਵਿਦਿਆਰਥੀ ਹੈ ਇਸ ਤੋਂ ਬਿਨਾਂ ਰਜਿਸਟਰੇਸ਼ਨ -ਕੰਟੀਨਿਉਸ਼ਨ ਤੇ ਰੀ-ਅਪੀਅਰ ਲਈ ਵੱਖਰੀ ਫੀਸ ਲਈ ਜਾਂਦੀ ਹੈ ਪਰ ਮਾਰਕਿੰਗ ਲਈ ਬੋਰਡ ਵੱਲੋਂ ਮਾਰਕਿੰਗ ਕਰਨ ਤੇ ਕਰਵਾਉਣ ਵਾਲੇ ਅਮਲੇ ਨੂੰ ਤੁੱਛ ਜਿਹਾ ਮਾਣਭੱਤਾ ਦਿੱਤਾ ਜਾਂਦਾ ਹੈ ਜੋ ਕਿ ਇਸ ਤਰ੍ਹਾਂ ਹੈ ਮਾਰਕਿੰਗ ਕੇਂਦਰ ਕੋਆਰਡੀਨੇਟਰ 3300/- ਰੁਪਏ ਉੱਕਾ-ਪੁੱਕਾ, ਉੱਪ-ਕੋਆਰਡੀਨੇਟਰ 2200 ਰੁਪਏ ਉੱਕਾ-ਪੁੱਕਾ, ਪੂਰੇ ਸੈਂਟਰ ਲਈ 1ਕਲਰਕ 1100 ਰੁਪਏ ਉੱਕਾ-ਪੁੱਕਾ, 1 ਸੇਵਾਦਾਰ 550 ਰੁਪਏ ਉੱਕਾ-ਪੁੱਕਾ, 1 ਚੌਂਕੀਦਾਰ 550 ਰੁਪਏ ਉੱਕਾ-ਪੁੱਕਾ, ਮੁੱਖ ਪ੍ਰੀਖਿਅਕ ਤੇ ਉੱਪ-ਪ੍ਰੀਖਿਅਕ 7.50 ਰੁਪਏ ਪ੍ਰਤੀ ਉੱਤਰ- ਪੱਤਰੀ, ਪੜਤਾਲ ਸਹਾਇਕ 50 ਪੈਸੇ ਪ੍ਰਤੀ ਉੱਤਰ ਪੱਤਰੀ ਹੈ|ਇਸ ਦੇ ਨਾਲ਼ 15 ਰੁਪਏ ਪ੍ਰਤੀ ਦਿਨ 25 ਉੱਤਰ ਪੱਤਰੀਆਂ ਚੈੱਕ ਕਰਨ ਦੀ ਸੂਰਤ ਵਿੱਚ ਰੀਫਰੈਸ਼ਮੈਂਟ ਦਿੱਤੀ ਜਾਂਦੀ ਹੈ|ਉਹਨਾਂ ਮੰਗ ਕੀਤੀ ਕਿ ਇਹ ਮਿਹਨਤਾਨਾ ਬਹੁਤ ਘੱਟ ਹੈ ਇਸ ਤੇ ਪੁਨਰ ਵਿਚਾਰ ਕਰਦੇ ਹੋਏ ਇਸ ਨੂੰ ਸਨਮਾਨਯੋਗ ਕੀਤਾ ਜਾਵੇ|ਯੂਨੀਅਨ ਦੇ ਜਨਰਲ ਸਕੱਤਰ ਸ. ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਬੋਰਡ ਪ੍ਰੀਖਿਅਕ ਅਮਲੇ ਦੇ ਪੂਰੇ ਮਿਹਨਤਾਨੇ ਵਿੱਚੋਂ 2% ਟੀਚਰ ਵੈੱਲਫੇਅਰ ਫੰਡ ਦੀ ਕਟੌਤੀ ਕਰਦਾ ਆ ਰਿਹਾ ਤੇ ਕਰ ਰਿਹਾ ਹੈ |ਪਰ ਅੱਜ ਤੱਕ ਕਦੇ ਇਹ ਸਪਸ਼ੱਟ ਨਹੀਂ ਕੀਤਾ ਗਿਆ ਕਿ ਇਸ ਰਾਹੀਂ ਟੀਚਰ ਵੈੱਲਫੇਅਰ ਦੇ ਕਿਹੜੇ ਕਾਰਜ ਕੀਤੇ ਜਾਂਦੇ ਹਨ ਇਹ ਜਾਣਨਾ ਅਦਾ ਕਰਨ ਵਾਲਿਆਂ ਦਾ ਹੱਕ ਹੈ ਉਹਨਾਂ ਮੰਗ ਕੀਤੀ ਕਿ ਇਸ ਫੰਡ ਨਾਲ਼ ਕੋਈ ਵੈੱਲਫੇਅਰ ਕਾਰਜ ਨਹੀਂ ਕੀਤੇ ਜਾ ਰਹੇ ਤਾਂ ਇਸ ਨੂੰ ਤੁਰੰਤ ਪ੍ਰਭਾਵ ਨਾਲ਼ ਬੰਦ ਕੀਤਾ ਜਾਵੇ |ਸੀਨੀਅਰ ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ ਨੇ ਕਿਹਾ ਕਿ ਪੇਪਰ ਮਾਰਕਿੰਗ ਦਾ ਕਾਰਜ ਸੇਵਾ ਮੁਕਤ ਅਧਿਆਪਕਾਂ ਤੇ ਪ੍ਰਾਈਵੇਟ ਮਾਨਤਾ ਪ੍ਰਾਪਤ ਤੇ ਐਡਿਡ ਸਕੂਲਾਂ ਦੇ ਅਧਿਆਪਕਾ ਤੋਂ ਵੀ ਕਰਵਾਇਆ ਜਾਣਾ ਚਾਹੀਦਾ ਹੈ|ਇਸ ਨਾਲ਼ ਮਾਰਕਿੰਗ ਦੇ ਕੰਮ ਵਿੱਚ ਤੇਜ਼ੀ ਆਵੇਗੀ ਤੇ ਵਿਦਿਆਰਥੀਆਂ ਦਾ ਬਹੁਮੁੱਲਾ ਸਮਾਂ ਬਚੇਗਾ |ਸੂਬਾ ਪ੍ਰੈਸ ਸਕੱਤਰ ਰਣਬੀਰ ਸੋਹਲ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਵੱਲੋਂ ਮਾਰਕਿੰਗ ਲਈ ਨੋਡਲ ਅਫ਼ਸਰ (ਕੋਆਰਡੀਨੇਟਰ ) ਨੂੰ 10 ਹਜਾਰ ਰੁਪਏ, ਮੁੱਖ-ਪ੍ਰੀਖਿਅਕ ਨੂੰ 1000 ਰੁਪਏ ਤੇ 250 ਰੁਪਏ ਸਵਾਰੀ ਭੱਤਾ ਪ੍ਰਤੀ ਦਿਨ, ਉੱਪ ਪ੍ਰੀਖਿਅਕ ਨੂੰ ਬਾਰ੍ਹਵੀਂ ਜਮਾਤ ਲਈ 30 ਰੁਪਏ ਪ੍ਰਤੀ ਉੱਤਰ- ਪੱਤਰੀ ਦੇ ਨਾਲ਼ 250 ਰੁਪਏ ਸਵਾਰੀ ਭੱਤਾ ਤੇ ਦਸਵੀਂ ਲਈ 25 ਰੁਪਏ ਪ੍ਰਤੀ ਉੱਤਰ ਪੱਤਰੀ ਤੇ 250 ਰੁਪਏ ਪ੍ਰਤੀ ਦਿਨ ਸਵਾਰੀ ਭੱਤਾ, ਉੱਪ-ਸਹਾਇਕ ਬਾਰ੍ਹਵੀਂ ਲਈ 7.50 ਰੁਪਏ ਤੇ 250 ਰੁਪਏ ਸਵਾਰੀ ਭੱਤਾ ਪ੍ਰਤੀ ਦਿਨ ਤੇ ਦਸਵੀਂ ਲਈ 6.25 ਰੁਪਏ ਤੇ 250 ਰੁਪਏ ਸਵਾਰੀ ਭੱਤੇ ਦੀ ਅਦਾਇਗੀ ਦੇ ਨਾਲ਼ 75 ਰੁਪਏ ਪ੍ਰਤੀ ਦਿਨ ਰੀਫਰੈਸ਼ਮੈਂਟ ਦੀ ਅਦਾਇਗੀ ਕੀਤੀ ਜਾਂਦੀ ਹੈ|ਉਹਨਾਂ ਮੰਗ ਕੀਤੀ ਕਿ ਪ੍ਰੀਖਿਅਕ ਅਮਲੇ ਦਾ ਮਾਣਭੱਤਾ ਸੀ. ਬੀ. ਐੱਸ. ਈ. ਦੀ ਤਰਜ ਤੇ ਵਧਾਇਆ ਜਾਵੇ ਕਿਉਂਕਿ ਸਮਰੂਪ ਕਾਰਜ ਲਈ ਇਸ ਅਦਾਰੇ ਨਾਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਹਨਤਾਨਾ 4 ਗੁਣਾ ਘੱਟ ਹੈ |ਇਸ ਮੀਟਿੰਗ ਵਿੱਚ ਸਲਾਹਕਾਰ ਸੁਖਦੇਵ ਸਿੰਘ ਰਾਣਾ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ,ਸ.. ਗੁਰਪ੍ਰੀਤ ਸਿੰਘ ਬਠਿੰਡਾ,ਸ. ਅਵਤਾਰ ਸਿੰਘ ਰੋਪੜ, ਰਵਿੰਦਰਪਾਲ ਸਿੰਘ ਜਲੰਧਰ, ਅਮਰਜੀਤ ਸਿੰਘ ਪਟਿਆਲਾ, ਹਰਜੀਤ ਸਿੰਘ ਬਲਾੜੀ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਬਲਦੀਸ਼ ਸਿੰਘ ਨਵਾਂ ਸਹਿਰ, ਕੋਸ਼ਲ ਸ਼ਰਮਾ ਪਠਾਨਕੋਟ, ਜਸਪਾਲ ਸਿੰਘ ਸੰਗਰੂਰ, ਮਲਕੀਤ ਸਿੰਘ ਫਿਰੋਜ਼ਪੁਰ, ਇੰਦਰਜੀਤ ਸਿੰਘ ਹੁਸ਼ਿਆਰਪੁਰ ਅਤੇ ਸੂਬਾ ਵਿੱਤ ਸਕੱਤਰ ਰਾਮਵੀਰ ਸਿੰਘ ਫ਼ਤਹਿਗੜ੍ਹ ਸਾਹਿਬਤੇ ਹੋਰ ਹਾਜਰ ਸਨ