ਮਾਨਸਾ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਅ ਦੀ ਸ਼ਰਤ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਦੂਰ ਦੁਰਾਡੇ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਰਾਹਤ ਮਿਲ ਸਕੇ ਅਤੇ ਬੀਤੇ ਵਿੱਚ ਹਾਦਸਿਆਂ ਵਿੱਚ ਕੀਮਤੀ ਜਾਨਾਂ ਗਵਾਉਣ ਦੀਆਂ ਵਾਪਰੀਆਂ ਸੈਂਕੜੇ ਘਟਨਾਵਾਂ ਨੂੰ ਭਵਿੱਖ ਵਿੱਚ ਵਾਪਰਨ ਤੋਂ ਰੋਕਿਆ ਜਾ ਸਕੇ। ਡੀ.ਟੀ.ਐੱਫ. ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ, ਜਿਲਾ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਸਿੱਖਿਆ ਪ੍ਰਦਾਨ ਕਰਨਾ ਇੱਕ ਸਿਰਜਣਾਤਮਕ ਕਾਰਜ ਹੈ ਅਤੇ ਸੁਖਾਵੀਂਆਂ ਸੇਵਾ ਹਾਲਤਾਂ ਵਿੱਚ ਹੀ ਅਧਿਆਪਕ ਵੱਲੋਂ ਆਪਣੇ ਫਰਜ ਦੀ ਪੂਰਤੀ ਸਹੀ ਸੰਦਰਭ ਵਿੱਚ ਕੀਤੀ ਜਾ ਸਕਦੀ ਹੈ। ਸੈਂਕੜੇ ਮੀਲਾਂ ਦਾ ਸਫ਼ਰ ਰੋਜ਼ਾਨਾ ਤੈਅ ਕਰਕੇ ਸਕੂਲ ਜਾਣ ਵਾਲੇ ਅਧਿਆਪਕਾਂ ਦੀ ਮਾਨਸਿਕ ਸਥਿਤੀ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਡੀਟੀਐਫ ਦੇ ਜਿਲਾ ਆਗੂਆਂ ਗੁਰਤੇਜ ਉੱਭਾ,ਨਵਜੋਸ਼ ਸਪੋਲੀਆ,
ਗੁਰਬਚਨ ਹੀਰੇਵਾਲਾ,ਦਮਨਜੀਤ ਮਾਨਸਾ ਅਤੇ ਗੁਰਪ੍ਰੀਤ ਭੀਖੀ ਨੇ ਅੱਗੇ ਕਿਹਾ ਕਿ ਆਪਸੀ ਬਦਲੀ 'ਤੇ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਅਤੇ ਸਰਕਾਰ ਨੂੰ ਇਸ ਸਬੰਧੀ ਹਰ ਤਰ੍ਹਾਂ ਦੀਆਂ ਸ਼ਰਤਾਂ ਤੁਰੰਤ ਖ਼ਤਮ ਕਰਨੀਆਂ ਚਾਹੀਦੀਆਂ ਹਨ।
ਬਲਾਕ ਪ੍ਰਧਾਨਾਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ,ਰਜਿੰਦਰਪਾਲ ਜਵਾਹਰਕੇ,ਤਰਸੇਮ ਬੋੜਾਵਾਲ ਅਤੇ ਹਰਫੂਲ ਬੋਹਾ ਨੇ ਕਿਹਾ ਕਿ ਕਈ ਵਾਰ ਦੀ ਤਰਾਂ ਅੱਜ ਵੀ ਜਲਾਲਾਬਾਦ ਲਾਗੇ ਕਈ ਅਧਿਆਪਕ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਵਿੱਚ ਨੌਕਰੀ ਕਰ ਰਹੇ, ਆਪਣੀ ਸਥਾਈ ਰਿਹਾਇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਨੌਕਰੀ ਕਰ ਰਹੇ, ਨਵ-ਵਿਆਹੀਆਂ ਲੜਕੀਆਂ, ਅਪੰਗ, ਵਿਧਵਾਵਾਂ, ਕਰੌਨਿਕ ਬਿਮਾਰੀਆਂ ਤੋਂ ਪੀੜਿਤ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਆਧਾਰ 'ਤੇ ਬਿਨਾ ਕਿਸੇ ਵੀ ਸ਼ਰਤ, ਬੰਦਿਸ਼ ਤੋਂ ਤੁਰੰਤ ਕੀਤੀਆਂ ਜਾਣ। ਪ੍ਰਾਇਮਰੀ ਦੀਆਂ ਬਦਲੀਆਂ ਪਹਿਲਾਂ ਅੰਤਰ ਜਿਲ੍ਹਾ, ਅਤੇ ਫਿਰ ਜਿਲ੍ਹੇ ਦੇ ਵਿੱਚ ਕੀਤੀਆਂ ਜਾਣ। ਹੋਣ ਵਾਲੀਆਂ, ਅਤੇ ਪਹਿਲਾਂ ਹੋਈਆਂ ਬਦਲੀਆਂ ਲਈ ਕੈਂਸਲ ਦਾ ਹੱਕ ਵੀ ਦਿੱਤਾ ਜਾਵੇ। ਬਲਾਕ ਆਗੂਆਂ ਅਮ੍ਰਿਤਪਾਲ ਖੈਰਾ,ਚਰਨਪਾਲ ਦਸੌਂਧੀਆ,ਸੁਖਚੈਨ ਸੇਖੋ,ਜਗਦੇਵ ਬੋੜਾਵਾਲ ਅਤੇ ਜਸਵਿੰਦਰ ਹਾਕਮਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਆਪਣੀ ਨੀਤੀ ਦਰੁਸਤ ਕਰਕੇ ਬਦਲੀਆਂ ਸੰਬੰਧੀ ਅਧਿਆਪਕ ਨਾਲ ਇਨਸਾਫ਼ ਨਹੀਂ ਕਰੇਗੀ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।