ਮੋਹਾਲੀ: 1 ਅਪ੍ਰੈਲ, ਜਸਵੀਰ ਸਿੰਘ ਗੋਸਲ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਪ੍ਰਿੰਸੀਪਲਾਂ ਤੋਂ ਵਿਹੂਣੇ ਸਕੂਲਾਂ ਦੀਆਂ 119 ਪੋਸਟਾਂ ਭਰੀਆਂ ਗਈਆਂ ਹਨ|ਇਸ ਸੰਬੰਧ ਵਿੱਚ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2019 ਵਿੱਚ ਲੈਕਚਰਾਰ ਤੋਂ ਬਤੌਰ ਪ੍ਰਿੰਸੀਪਲ ਪਦ ਉਨਤੀਆਂ ਕੀਤੀਆਂ ਗਈਆਂ ਸਨ|ਇਸ ਤੋਂ ਬਾਅਦ ਲੰਮਾ ਸਮਾਂ ਪਦ ਉਨਤੀਆਂ ਨਾ ਹੋਣ ਕਾਰਨ ਪੰਜਾਬ ਵਿੱਚ ਤਕਰੀਬਨ 650 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹੋ ਗਈਆਂ ਸਨ | ਹੁਣ ਦਸੰਬਰ 2022 ਵਿੱਚ ਸਿੱਖਿਆ ਵਿਭਾਗ ਵੱਲੋਂ 194 ਪਦ ਉਨਤੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਬੀਤੇ ਕੱਲ 135 ਪ੍ਰਿੰਸੀਪਲਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੋਟੋਰੀਅਮ ਵਿੱਚ ਬੁਲਾ ਕੇ ਸਟੇਸ਼ਨ ਅਲਾਟ ਕੀਤੇ ਗਏ|
ਇਹ ਵੀ ਪੜ੍ਹੋ : ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਇੱਕ ਅਤੇ ਦੋ ਸਾਲ ਦੇ ਸੇਵਾ ਵਾਧਾ ਦੇਣ ਦਾ ਫੈਸਲਾ : ਹਰਜੋਤ ਸਿੰਘ ਬੈਂਸ
ਉਹਨਾਂ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਤੇ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਸ੍ਰੀ ਮਤੀ ਜਸਪ੍ਰੀਤ ਕੌਰ ਤਲਵਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਮੁੱਖੀਆਂ ਦੀ ਨਿਯੁਕਤੀ ਨਾਲ਼ ਸਕੂਲ ਪ੍ਰਬੰਧ ਵਿੱਚ ਸੁਧਾਰ ਹੋਵੇਗਾ|ਉਹਨਾਂ ਇਹ ਵੀ ਦੱਸਿਆ ਕਿ ਬੀਤੇ ਕੱਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਤੋਂ ਬਾਹਰ ਕੰਮ ਕਰਦੇ ਬੀ. ਐਮ./ ਡੀ. ਐਮ ਨੂੰ ਯੂਨੀਅਨ ਦੀ ਮੰਗ ਉਤੇ ਸਕੂਲਾਂ ਵਿੱਚ ਕੰਮ ਕਰਨ ਲਈ ਫਾਰਗ ਕੀਤਾ ਗਿਆ ਹੈ|ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ਼ ਸਿੱਖਿਆ ਦੀ ਕਾਰਜ ਪ੍ਰਣਾਲੀ ਨੂੰ ਸੁਚੱਜੇ ਢੰਗ ਨਾਲ਼ ਚਲਾਉਣ ਵਿੱਚ ਮਦਦ ਮਿਲੇਗੀ|ਉਹਨਾਂ ਨੇ ਸੁਝਾਅ ਦਿੱਤਾ ਕਿ ਸਿੱਖਿਆ ਦੇ ਪ੍ਰਬੰਧ ਨੂੰ ਪੁੱਖਤਾ ਕਰਨ ਲਈ ਜ਼ਿਲ੍ਹਾ ਸਿੱਖਿਆ ਦਫਤਰਾਂ ਵਿੱਚ ਪਹਿਲਾਂ ਵਾਂਗ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਦੋ ਅਸਾਮੀਆਂ ਦਿੱਤੀਆਂ ਜਾਣ, ਡਾਇਟਾ ਦਾ ਸਸ਼ਕਤੀਕਰਨ ਕੀਤਾ ਜਾਵੇ ਅਤੇ ਅਧਿਆਪਕ ਟ੍ਰੇਨਿੰਗ ਨੂੰ ਸੁਵਿਸਥਿਤ ਕਰਨ ਲਈ ਇਨ ਸਰਵਿਸ ਟ੍ਰੇਨਿੰਗ ਸੈਂਟਰਾਂ ਨੂੰ ਪੁਨਰ ਸਥਾਪਿਤ ਕੀਤਾ ਜਾਵੇ| ਇਸ ਦੇ ਨਾਲ਼ ਹੀ ਉਹਨਾਂ ਨੇ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲਾਂ ਦੀ ਰਹਿੰਦੀਆਂ ਖ਼ਾਲੀ ਅਸਾਮੀਆਂ ਤੇ ਵੀ ਉਨਤੀਆਂ ਜਲਦੀ ਕੀਤੀਆਂ ਜਾਣ| ਇਸ ਮੌਕੇ ਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਨਵ ਪਦ ਉਨਤ ਹੋਏ ਪ੍ਰਿੰਸੀਪਲਜ਼ ਸ੍ਰੀ ਮਤੀ ਸੀਮਾ ਖੇੜਾ, ਵਰਿੰਦਰਜੀਤ ਕੌਰ, ਆਕ੍ਰਿਤੀ, ਸਤਬੀਰ ਕੌਰ, ਹਰਮਿੰਦਰ ਕੌਰ ਸਮੇਤ ਹਾਜਰ ਸਨ|