ਮੋਰਿੰਡਾ 26 ਮਾਰਚ ( ਭਟੋਆ)
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਦਾ ਵਿਰੋਧ ਕਰਨ ਅਤੇ ਪੰਜਾਬ ਸਰਕਾਰ ਦੀ ‘ਸਕੂਲ ਆਫ਼ ਐਮੀਨੈਂਸ’ ਸਕੀਮ ‘ਤੇ ਸਵਾਲ ਕਰਨ ਲਈ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਚੇਤਨਾ ਸੈਮੀਨਾਰ ਕੀਤਾ ਗਿਆ, ਜਿਸ ਉਪਰੰਤ ਪ੍ਰੈਸ ਕਲੱਬ ਚੌਂਕ ਤੱਕ ਮਾਰਚ ਕਰਦਿਆਂ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ‘ਸਵਾਲ ਪੱਤਰ’ ਭੇਜਿਆ ਗਿਆ।
ਇੱਥੇ ਭੇਜੇ ਗਏ ਲਿਖਤੀ ਬਿਆਨ ਵਿੱਚ ਡੀਐਮਐਫ ਦੇ ਪ੍ਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਅਧਿਆਪਕਾਂ ਤੇ ਸਿੱਖਿਆ ਨਾਲ਼ ਸਬੰਧਿਤ ਮੰਗਾਂ ਨੂੰ ਲੈ ਕੇ ਸੱਤਾਧਾਰੀ ਵਿਧਾਇਕਾਂ ਨੂੰ ਸਵਾਲ ਪੁੱਛਣ ਦੀ ਮੁਹਿੰਮ ਚਲਾਉਣ ਅਤੇ 23 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾਈ ਰੋਸ ਰੈਲੀ ਕਰਨ ਦਾ ਐਲਾਨ ਵੀ ਕੀਤਾ ਗਿਆ।
ਸੂਬੇ ਭਰ ‘ਚੋਂ ਪੁਹੰਚੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ (ਸੇਵਾਮੁਕਤ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਪਟਿਆਲਾ) ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਵਿੱਚ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਅਜ਼ਾਦੀ ਉਪਰੰਤ ਵੱਖ ਵੱਖ ਕਮਿਸ਼ਨਾਂ ਦੀਆਂ ਸੁਝਾਈਆਂ ਸਮਾਜਿਕ ਅਤੇ ਵਿਦਿਆਰਥੀ ਪੱਖੀ ਲੋੜਾਂ ਨੂੰ ਇੱਕ ਪਾਸੇ ਰੱਖਕੇ ਆਪਣੇ ਹੀ ਹਿਸਾਬ ਨਾਲ ਪੇਸ਼ ਕਰਕੇ ਸਿੱਖਿਆ ਤੋਂ ਆਮ ਲੋਕਾਂ ਨੂੰ ਵਾਂਝਿਆਂ ਕਰਨ ਦਾ ਰਾਹ ਖੋਲ੍ਹਿਆ ਗਿਆ ਹੈ। ਉਨ੍ਹਾਂ ‘ਸਕੂਲ ਆਫ਼ ਐਂਮੀਨੈਂਸ’ ਦੇ ਨਾਂ ਤੇ ਵਿਤਕਰੇਬਾਜ਼ੀ ਵਾਲੀ ਸਿੱਖਿਆ ਅਤੇ 40 ਕਿਲੋਮੀਟਰ ਦੇ ਘੇਰੇ ਵਿੱਚ ਇੱਕ ‘ਸਕੂਲੀ ਟਾਪੂ’ ਖੜ੍ਹੇ ਕਰਕੇ ਹਰ ਵਿਦਿਆਰਥੀ ਤੱਕ ਸਕੂਲ ਦੀ ਥਾਂ ਸਕੂਲ ਤੱਕ ਵਿਦਿਆਰਥੀ ਦੇ ਸੰਕਲਪ ਨੂੰ ਲਿਆਂਦਾ ਜਾ ਰਿਹਾ ਹੈ ਜੋ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋਂ ਸਿੱਖਿਆ ਖੋਹਣ ਦੀ ਸਾਜ਼ਿਸ਼ ਮਾਤਰ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਕੇਂਦਰੀਕਰਨ, ਨਿੱਜੀਕਰਨ ਅਤੇ ਭਗਵਾਂਕਰਨ ਦੇ ਉਦੇਸ਼ ਤਹਿਤ ਨਵੀਂ ਸਿੱਖਿਆ ਨੀਤੀ 2020 ਰਾਹੀਂ ਲਿਆਂਦੀਆਂ ਜਾ ਰਹੀਆਂ ‘ਪੀ ਐੱਮ ਸ੍ਰੀ’ ਅਤੇ ‘ਸਕੂਲ ਆਫ਼ ਐਂਮੀਨੈਂਸ’ ਸਕੀਮਾਂ ਰਾਹੀਂ ਕੰਪਲੈਕਸ ਸਕੂਲ ਸਿਸਟਮ ਬਣਾ ਕੇ ਛੋਟੇ ਸਕੂਲਾਂ ਨੂੰ ਬੰਦ ਕਰਨ ਦਾ ਰਾਹ ਖੋਲ੍ਹਿਆ ਜਾ ਰਿਹਾ ਹੈ।
ਆਪਣੇ ਸਬੰਧੋਨ ਦੌਰਾਨ ਸੂਬਾ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ ਅਤੇ ਬੇਅੰਤ ਫੁੱਲੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ਕਤੀਆਂ ਦਾ ਕੇਂਦਰੀਕਰਨ ਕਰਦਿਆਂ ਸਿੱਖਿਆ ਨੂੰ ਮੰਡੀ ਦੀ ਵਸਤੂ ਬਣਾਇਆ ਜਾ ਰਿਹਾ ਹੈ, ਵਿਦਿਆਰਥੀਆਂ ਦੇ ਵਜ਼ੀਫ਼ੇ ਬੰਦ ਕੀਤੇ ਜਾ ਰਹੇ ਹਨ, ਕਲੱਸਟਰ ਸਿਸਟਮ ਦੇ ਨਾਂ ਤੇ ਛੋਟੇ ਸਕੂਲਾਂ ਨੂੰ ਖਤਮ ਕਰਕੇ ਅਸਾਮੀਆਂ ਨੂੰ ਬਚਾਉਣ ਦੇ ਨਾਂ ਤੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ।
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਜਿੱਥੇ 1986 ਦੀ ਸਿੱਖਿਆ ਨੀਤੀ ਨੇ ਨਿੱਜੀਕਰਨ ਨੂੰ ਵਧਾਵਾ ਦਿੰਦਿਆਂ ਵਿਤਕਰੇਬਾਜ਼ੀ ਵਾਲੀ ਸਿੱਖਿਆ ਦਾ ਮੁੱਢ ਬੰਨ੍ਹਿਆ ਜਦਕਿ ਨਵੀਂ ਸਿੱਖਿਆ ਨੀਤੀ 2020 ਨਾਲ ਦੇਸ਼ ਦੀ ਵਿਭਿੰਨਤਾ ਨੂੰ ਖ਼ਤਮ ਕਰਦਿਆਂ ਸਿੱਖਿਆ ਦਾ ਭਗਵਾਂਕਰਨ ਕਰਦਿਆਂ ਫਾਸ਼ੀਵਾਦੀ ਵਿਚਾਰਧਾਰਾ ਨੂੰ ਅਗਾਂਹ ਲੈਜਾਣ ਵਾਲੀ ਹੈ।
ਇਸ ਮੌਕੇ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ਵਰਗੀਆਂ ਸਕੀਮਾਂ ਸਿਰਫ਼ ਸ਼ੋਅ ਪੀਸ ਖੜ੍ਹੇ ਕਰਕੇ ਫੇਲ੍ਹ ਹੋ ਚੁੱਕੇ ਗੁਜਰਾਤ ਮਾਡਲ ਵਾਂਗ ਲੋਕਾਂ ਨੂੰ ਸ਼ੋਅ ਪੀਸ ਵਿਖਾ ਕੇ ਵੋਟਾਂ ਬਟੋਰਨ ਤੱਕ ਸੀਮਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਬਕਾ ਪ੍ਰਧਾਨ ਦਵਿੰਦਰ ਪੂਨੀਆ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨਾਂ ਜਗਪਾਲ ਬੰਗੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਹਰਜਿੰਦਰ ਵਡਾਲਾ ਬਾਂਗਰ ਅਤੇ ਕੁਲਵਿੰਦਰ ਜੋਸਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਤਜਿੰਦਰ ਸਿੰਘ, ਰੁਪਿੰਦਰ ਗਿੱਲ, ਰਮਨਜੀਤ ਸੰਧੂ ਸੁਖਦੇਵ ਡਾਨਸੀਵਾਲ, ਮਹਿੰਦਰ ਕੌੜਿਆਂਵਾਲੀ, ਅਤਿੰਦਰ ਘੱਗਾ, ਸੁਖਵਿੰਦਰ ਗਿਰ, ਹਰਿੰਦਰ ਅੱਲੂਵਾਲ, ਪਰਮਿੰਦਰ ਮਾਨਸਾ,ਮੁਲਖ ਰਾਜ, ਗੁਰਮੁਖ ਲੋਕ ਪ੍ਰੇਮੀ, ਪ੍ਰਤਾਪ ਸਿੰਘ, ਗਿਆਨ ਚੰਦ, ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।