ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਅਧਿਆਪਕ ਬਣਕੇ ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਰ ਸਿੰਘ ਵਾਲਾ ਵਿਖੇ ਪਹੁੰਚੇ ਐਸ.ਡੀ.ਐਮ
ਜਲਾਲਾਬਾਦ/ਫਾਜਿ਼ਲਕਾ, 14 ਮਾਰਚ, ਦੇਸ਼ ਕਲਿੱਕ ਬਿਓਰੋ
ਵਿਦਿਆਰਥੀ ਸਖ਼ਤ ਮਿਹਨਤ ਤੇ ਚਿਲਚਸਪੀ ਨਾਲ ਪੜ੍ਹਾਈ ਕਰਕੇ ਕੋਈ ਵੀ ਉੱਚ ਮੁਕਾਮ ਹਾਸਲ ਕਰ ਸਕਦੇ ਹਨ। ਹਿਸ ਲਈ ਉਨ੍ਹਾਂ ਨੂੰ ਸਮੇਂ ਦੇ ਪਾਬੰਦ ਹੋ ਕੇ ਤੇ ਸਵੈ ਵਿਸਵਾਸ਼ ਕਾਇਮ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਤੇ ਸਫਲਤਾ ਉਨ੍ਹਾਂ ਦੇ ਪੈਰ ਚੁੰਮੇਗੀ। ਇਹ ਪ੍ਰਗਟਾਵਾ ਐੱਸ.ਡੀ.ਐੱਮ. ਜਲਾਲਾਬਾਦ ਸ੍ਰ. ਰਵਿੰਦਰ ਸਿੰਘ ਅਰੋੜਾ ਨੇ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਰ ਸਿੰਘ ਵਾਲਾ ਬਲਾਕ ਜਲਾਲਾਬਾਦ-1 ਵਿਖੇ ਪਹੁੰਚ ਕੇ ਵਿਦਿਆਰਥੀਆਂ ਨਾਲ ਕੀਤੇ ਸਿੱਧੇ ਤੌਰ ਤੇ ਹੋਏ ਸੰਵਾਦ ਦੌਰਾਨ ਕੀਤਾ।
ਐੱਸ.ਡੀ.ਐੱਮ. ਵੱਲੋਂ ਅਧਿਆਪਕ ਬਣਕੇ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਲਾਸ ਲਈ ਗਈ। ਇਸ ਦੌਰਾਨ ਉਨ੍ਹਾਂ ਸਮੂਹ ਹਾਜ਼ਰ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹਨ ਉਸ ਬਾਰੇ ਉਨ੍ਹਾਂ ਨੂੰ ਦੱਸਣ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਡਾਕਟਰ, ਅਧਿਆਪਕ, ਮਿਲਟਰੀ ਅਫਸਰ ਤੇ ਪੁਲਿਸ ਅਫਸਰ ਬਣਨਾ ਚਾਹੁੰਦੇ ਹਨ। ਐੈੱਸ.ਡੀ.ਐੱਮ. ਨੇ ਕਿਹਾ ਕਿ ਇਹ ਸਭ ਕੁਝ ਬਣਨ ਲਈ ਯੋਗ ਵਿਸ਼ੇ ਚੁਣਨੇ ਹੋਣਗੇ ਜਿਸ ਤੇ ਉਨ੍ਹਾਂ ਨੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਆਪਣੇ ਮਨਪਸੰਦ ਦੇ ਟੈਸਟ ਦੀ ਤਿਆਰੀ ਕਰਕੇ ਉੱਚ ਮੁਕਾਮ ਹਾਸਲ ਕਰ ਸਕਦੇ ਹੋ। ਇਸ ਦੌਰਾਨ ਉਨ੍ਹਾਂ ਬੱਚਿਆਂ ਵਿੱਚ ਚੌਕਲੇਟ ਵੀ ਵੰਡੀਆਂ। ਅੰਤ ਵਿੱਚ ਉਨ੍ਹਾਂ ਪ੍ਰੀ ਪ੍ਰਾਇਮਰੀ ਕਲਾਸ ਰੂਮ, ਲਾਇਬ੍ਰੇਰੀ ਆਦਿ ਦਾ ਦੌਰਾ ਕਰਕੇ ਪੜ੍ਹਾਈ ਬਾਰੇ ਬੱਚਿਆਂ ਤੋਂ ਜਾਣਿਆ।
ਇਸ ਮੌਕੇ ਸੈਂਟਰ ਹੈੱਡ ਟੀਚਰ (ਸੀ.ਐਚ.ਟੀ) ਰਜਨੀਸ ਕੁਮਾਰ ਛਾਬੜਾ, ਬੀ.ਪੀ.ਈ.ਓ ਜਲਾਲਾਬਾਦ-1 ਜਸਪਾਲ ਸਿੰਘ, ਬੀ.ਪੀ.ਈ.ਓ ਜਲਾਲਾਬਾਦ-2 ਨਰਿੰਦਰ ਸਿੰਘ,ਬਲਾਕ ਮਾਸਟਰ ਟ੍ਰੇਨਰ ਸੰਦੀਪ ਕਾਲੜਾ, ਕਲਰਕ ਹਰਦੀਪ ਕੁਮਾਰ ਸਮੇਤ ਸਕੂਲ ਸਟਾਫ ਤੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਾਜ਼ਰ ਸਨ।