ਦਲਜੀਤ ਕੌਰ
ਮਲੇਰਕੋਟਲਾ, 27 ਫਰਵਰੀ, 2023: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਇਕਾਈ ਵੱਲੋਂ ਕਾਲਜ ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਸਾਹਿਬ ਨਾਲ ਮੀਟਿੰਗ ਬੇਸਿੱਟਾ ਰਹੀ ਜਿਸ ਵਿੱਚ ਡੀ ਸੀ ਸਾਹਿਬ ਨੇ ਵਿਦਿਆਰਥੀ ਮੰਗਾਂ ਉੱਪਰ ਆਪਣੇ ਆਪ ਨੂੰ ਅਸਮਰਥ ਦੱਸਦੇ ਹੋਏ ਆਪਣਾ ਪੱਲਾ ਝਾੜ ਦਿੱਤਾ।
ਜ਼ਿਕਰਯੋਗ ਹੈ ਕਿ 24 ਫ਼ਰਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਮਾਲੇਰਕੋਟਲਾ ਦੇ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਰੈਲੀ ਕਰਨ ਉਪਰੰਤ ਡੀ ਸੀ ਸਾਹਿਬ ਦੇ ਨਾਂ ਮੌਕੇ ਤੇ ਮੌਜੂਦ ਏ ਡੀ ਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ, ਜਿਸ ਵਿੱਚ ਸੋਮਵਾਰ ਨੂੰ ਡੀ ਸੀ ਸਾਹਿਬ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ।
ਇਸ ਮੌਕੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਹੈ ਓਦੋਂ ਤੋਂ ਹੀ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਡੀ ਸੀ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਅੱਜ ਵੀ ਕਾਲਜ ਦੀਆਂ ਮੁੱਖ ਸਮੱਸਿਆਵਾਂ ਜਿਸ ਵਿੱਚ ਕਿਸੇ ਵੀ ਬਾਹਰੀ ਸੰਸਥਾ ਨੂੰ ਕਾਲਜ ਵਿੱਚ ਜਗ੍ਹਾ ਨਾ ਦੇਣ, ਕਾਲਜ ਵਿੱਚ ਚਾਰ ਕਮਰਿਆਂ ਅੰਦਰ ਬਣੇ ਜ਼ਿਲ੍ਹਾ ਚੋਣ ਦਫ਼ਤਰ ਨੂੰ ਚੁਕਵਾਉਣ ਅਤੇ ਪੋਸਟ ਗ੍ਰੈਜੂਏਟ ਬਲਾਕ ਦੀ ਖਸਤਾ ਹਾਲਤ ਦੀ ਮੁਰੰਮਤ ਕਰਵਾਉਣ ਆਦਿ ਨੁਕਤੇ ਉਠਾਏ ਗਏ। ਇਹਨਾਂ ਮੰਗਾਂ ਉੱਪਰ ਡੀ ਸੀ ਸਾਹਿਬ ਨੇ ਸਾਫ਼ ਤੌਰ ਤੇ ਪੱਲਾ ਝਾੜਦਿਆਂ ਵਿਦਿਆਰਥੀਆਂ ਨੂੰ ਓਹਨਾਂ ਦੇ ਹਾਣ ਦਾ ਨਾ ਹੋਣ ਦੀ ਤਾੜਨਾ ਕਰਕੇ ਕਿਹਾ ਕਿ ਓਹਨਾਂ ਨੂੰ ਧਰਨਿਆਂ ਨਾਲ ਕੋਈ ਬਹੁਤਾ ਫਰਕ ਨੀ ਪੈਂਦਾ ਕਿਉਂਕਿ ਰੋਜ ਹੀ ਧਰਨੇ ਲੱਗਦੇ ਰਹਿੰਦੇ ਹਨ। ਨਵਾਬ ਸ਼ੇਰ ਮੁਹਮੰਦ ਖ਼ਾਨ ਇੰਸਟੀਚਿਊਟ ਦੀ ਇਮਾਰਤ ਦੀ ਖਸਤਾ ਹਾਲਤ ਹੋਣ ਕਾਰਨ ਉਹਨਾਂ ਵਿਦਿਆਰਥੀਆਂ ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਇਮਾਰਤ ਵਿਚ ਹੀ ਰੱਖਿਆ ਜਾਵੇਗਾ ਪਰ ਦੂਸਰੇ ਪਾਸੇ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀ ਖੁੱਲ੍ਹੇ ਅਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ। ਜ਼ਿਲ੍ਹਾ ਪ੍ਰਸਾਸ਼ਨ ਦੇ ਵਿਦਿਆਰਥੀਆਂ ਪ੍ਰਤੀ ਇਸ ਤਰ੍ਹਾਂ ਦੇ ਘਟੀਆ ਰਵਈਏ ਦੇ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਸ ਮੌਕੇ ਕਾਲਜ ਇਕਾਈ ਦੇ ਜਗਰਾਜ ਸਿੰਘ, ਕਿਰਨਪਾਲ ਹਥੋਆ, ਰੁਕਸਾਨਾ, ਸਿਮਰਨ, ਗੁਰਸੇਵਕ ਸਿੰਘ, ਕਮਲਦੀਪ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।