ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ – ਚੇਅਰਮੈਨ ਪਨੂੰ
ਫਤਹਿਗੜ੍ਹ ਚੂੜੀਆਂ (ਬਟਾਲਾ) , 23 ਫਰਵਰੀ (ਨਰੇਸ਼ ਕੁਮਾਰ )
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ `ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸ ਮੁਹਿੰਮ ਤਹਿਤ ਸ. ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ ਨੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਨਵੇਂ 2023-24 ਦਾਖ਼ਲੇ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਸੁਨਈਆ ਤੋਂ ਕੰਪੇਨ ਵੈਨ ਨੂੰ ਹਰੀ ਝੰਡੀ ਦੇ ਕੇ ਕੀਤੀ ਰਵਾਨਾ।
ਇਸ ਮੌਕੇ ਡੀ.ਈ.ਓ. ਅਮਰਜੀਤ ਸਿੰਘ ਭਾਟੀਆ,0ਬੀ.ਪੀ.ਈ.ਓ ਸ੍ਰੀਮਤੀ ਕੁਲਬੀਰ ਕੌਰ, ਹਰਪ੍ਰੀਤ ਸਿੰਘ, ਜੱਗੂ ਪ੍ਰੀਤ ਸਿੰਘ, ਸੀਐਚਟੀ ਹਰਜੀਤ ਸਿੰਘ, ਸ੍ਰੀ ਰਾਜਨ ਨਵਦੀਪ ਸਿੰਘ ਮਦਨ ਲਾਲ, ਸਰਬਜੀਤ ਕੌਰ, ਰਜਨੀ ਸ਼ਰਮਾ, ਨਵਨੀਤ ਕੌਰ, ਹਰਵਿੰਦਰ ਕੌਰ, ਇਸ ਤੋਂ ਇਲਾਵਾ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਕਾਦੀਆਂ, ਕਰਮਜੀਤ ਸਿੰਘ, ਸੰਦੀਪ ਸਿੰਘ, ਗੁਰਮੁਖ ਸਿੰਘ ਕਰਨਜੀਤ ਸਿੰਘ ,ਅੰਮ੍ਰਿਤ ਸਿੰਘ ਔਜਲਾ ਹਾਜ਼ਰ ਸਨ।
ਇਸ ਮੌਕੇ ਸ. ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਨੇ ਦੱਸਿਆਂ ਕਿ ਇਹ ਰੈਲੀ ਜ਼ਿਲ੍ਹੇ ਦੇ 19 ਸਿੱਖਿਆ ਬਲਾਕਾਂ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਅੰਦਰ ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਰੌਸ਼ਨ ਭਵਿੱਖ ਲਈ ਸਿੱਖਿਆ ਢਾਂਚੇ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਵਚਨਬੱਧ ਹੈ ਅਤੇ ਇਸ ਤਹਿਤ ਸੂਬੇ ਵਿੱਚ 100 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਸੂਬੇ ਨੂੰ ਉੱਚ ਪੱਧਰੀ ਸਿੱਖਿਆ ਦੇਣ ਵਿੱਚ ਵਚਨਬੱਧ ਹੈ।