ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਚੇਤਨਾ ਰੈਲੀ ਨੂੰ ਡੀ. ਸੀ. ਵੱਲੋਂ ਵਿਖਾਈ ਹਰੀ ਝੰਡੀ
ਹੁਸ਼ਿਆਰਪੁਰ, 23 ਫ਼ਰਵਰੀ: ਦੇਸ਼ ਕਲਿੱਕ ਬਿਓਰੋ
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਾਲ 2023-24 ਲਈ ਦਾਖ਼ਲਾ ਮੁਹਿੰਮ ਦਾ ਆਗ਼ਾਜ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਦਾਖਲਾ ਚੇਤਨਾ ਵੈਨ ਨੂੰ ਕੋਮਲ ਮਿੱਤਲ ਆਈ. ਏ. ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ, ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.), ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਅਤੇ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਸਕੂਲ ਮੁਲਾਂਕਣ ਤੇ ਸਹਿਯੋਗ ਟੀਮ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ ਜਾ ਰਹੇ ਹਨ। ਜਿਲ੍ਹੇ ਭਰ ਵਿੱਚ ਆਧੁਨਿਕ ਸਾਜੋ ਸਮਾਨ ਅਤੇ ਸਹੂਲਤਾਂ ਨਾਲ ਲੈਸ ਸਰਕਾਰੀ ਸਕੂਲ ਬੇਹੱਦ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ, ਵਿਸ਼ੇਸ਼ ਕਰਕੇ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਸਹਾਇਤਾ ਲਈ ਹਰ ਵੇਲੇ ਯਤਨਸ਼ੀਲ ਹੈ।
ਇਸ ਮੌਕੇ ਦਾਖ਼ਲਾ ਚੇਤਨਾ ਰੈਲੀ ਸਿਵਲ ਸਕੱਤਰੇਤ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਪੁਰਹੀਰਾਂ, ਰੇਲਵੇ ਮੰਡੀ, ਅੱਜੋਵਾਲ, ਕਬੀਰਪੁਰ ਆਦਿ ਤੋਂ ਹੁੰਦੇ ਹੋਏ ਬੁੱਲ੍ਹੋਵਾਲ, ਟਾਂਡਾ ਰਾਹੀਂ ਦਸੂਹਾ ਪਹੁੰਚੀ। ਜਿਕਰਯੋਗ ਹੈ ਕਿ ਗੜ੍ਹਸ਼ੰਕਰ ਤੋਂ ਮੁਕੇਰੀਆਂ ਤੱਕ ਜਾਣ ਵਾਲੀ ਇਸ ਤਿੰਨ ਦਿਨਾ ਦਾਖ਼ਲਾ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਪ੍ਰਿੰ. ਜਤਿੰਦਰ ਸਿੰਘ ਜਿਲ੍ਹਾ ਸਮਾਰਟ ਸਕੂਲ ਕੋਆਡੀਨੇਅਰ, ਪ੍ਰਿੰ. ਰਾਜਨ ਅਰੋੜਾ, ਪ੍ਰਿੰ. ਚਰਨ ਸਿੰਘ, ਪ੍ਰਿੰ. ਚੰਦਰ ਮੋਹਨ ਵਰਮਾ, ਬੀ. ਪੀ. ਈ. ਓ. ਚਰਨਜੀਤ ਸਿੰਘ, ਰਾਜ ਕੁਮਾਰ, ਸਤੀਸ਼ ਕੁਮਾਰ ਸ਼ਰਮਾ, ਸਮਰਜੀਤ ਸਿੰਘ, ਯੋਗੇਸ਼ਵਰ ਸਲਾਰੀਆ ਆਦਿ ਸਮੇਤ ਵੱਖ ਵੱਖ ਸਕੂਲਾਂ ਦੇ ਮੁਖੀ, ਅਧਿਆਪਕ ਵੱਡੀ ਗਿਣਤੀ ਵਿੱਚ ਹਾਜਰ ਸਨ।