ਮੋਰਿੰਡਾ, 21 ਫਰਵਰੀ (ਭਟੋਆ )
ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਮਾਂ-ਬੋਲੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਪ੍ਰਤਿਭਾਵਾਨ ਸ਼ਾਇਰ ਡਾ. ਦੇਵਿੰਦਰ ਸੈਫੀ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਲਵਾਈ। ਸੈਮੀਨਾਰ ਦੌਰਾਨ ਡਾ. ਦੇਵਿੰਦਰ ਸੈਫੀ ਨੇ ਜਿੰਦਗੀ ਵਿੱਚ ਮਾਂ ਬੋਲੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹਰਬੰਸ ਸਿੰਘ ਕੰਧੋਲਾ ਨੇ ਕਿਹਾ ਕਿ ਸਾਨੂੰ ਆਪਣੀ ਮਾਂ, ਮਾਂ-ਬੋਲੀ ਤੇ ਮਾਤ ਭੂਮੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਹਨਾਂ ਤਿੰਨਾਂ ਤੋਂ ਬਗੈਰ ਅਸੀਂ ਬਿਲਕੁਲ ਅਧੂਰੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ, ਪ੍ਰੋ. ਮਨਜੀਤ ਕੌਰ, ਉਪ-ਪ੍ਰਿੰਸੀਪਲ ਪ੍ਰੋ.ਨਵਜੋਤ ਕੌਰ ਸਮੇਤ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ।