ਪੰਜਾਬ ਸਰਕਾਰ ਤੋਂ ਸਿੱਖਿਆ ਬਜਟ ਵਿੱਚ ਵਾਧਾ ਕਰਨ ਦੀ ਕੀਤੀ ਮੰਗ
ਦਲਜੀਤ ਕੌਰ
ਸੰਗਰੂਰ, 17 ਫਰਵਰੀ, 2023 : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜੱਥੇਬੰਦਕ ਕਮੇਟੀ ਦੇ ਸੱਦੇ ਤਹਿਤ ਸਥਾਨਕ ਆਈ.ਟੀ.ਆਈ (ਲੜਕੀਆਂ) ਵਿੱਚ ਪੜਦੀਆਂ ਵਿਦਿਆਰਥਣਾਂ ਨਾਲ ਮੌਜੂਦਾ ਸਿੱਖਿਆ ਪ੍ਰਬੰਧ ਬਾਰੇ ਤੇ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਨਿੱਜੀਕਰਨ ਬਾਰੇ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜੱਥੇਬੰਦਕ ਕਮੇਟੀ ਮੈਂਬਰ ਕੋਮਲ ਖਨੌਰੀ ਅਤੇ ਆਈ.ਟੀ.ਆਈ ਸੰਗਰੂਰ ਤੋਂ ਵਿਦਿਆਰਥਣ ਆਗੂ ਕਮਲਦੀਪ ਨੇ ਕਿਹਾ ਕਿ ਸਰਕਾਰੀ ਸਿੱਖਿਆ ਦਾ ਭੱਠਾ ਬਿਠਾਇਆ ਜਾ ਰਿਹਾ ਹੈ। ਵਿਦਿਅਕ ਸੰਸਥਾਵਾਂ ਗ੍ਰਾਂਟ ਬਾਝੋਂ ਸਹਿਕ ਰਹੀਆਂ ਹਨ। ਗ੍ਰਾਂਟਾਂ ਘਟਾਉਣ, ਜਾਮ ਕਰਨ ਤੇ ਅਖੀਰ ਬੰਦ ਕਰਨ ਦਾ ਅਮਲ ਜਾਰੀ ਹੈ। ਸਹੂਲਤਾਂ ਦੀ ਦੁਰਗਤ ਕੀਤੀ ਜਾ ਰਹੀ ਹੈ। ਅਧਿਆਪਨ ਅਤੇ ਗੈਰ-ਅਧਿਆਪ ਅਮਲੇ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ। ਸਰਕਾਰ ਦੀਆਂ ਸਿੱਖਿਆ ਦਾ ਉਜਾੜਾ ਕਰਨ ਵਾਲੀਆਂ ਨੀਤੀਆਂ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੈ। ਸਰਕਾਰੀ ਕਾਲਜਾਂ ਵਿੱਚ ਪ੍ਰਾਈਵੇਟ ਕੋਰਸ ਚਲਾਏ ਜਾ ਰਹੇ ਹਨ। ਨਿੱਜੀਕਰਨ ਕਰਨ ਦੀਆਂ ਨੀਤੀਆਂ ਤਹਿਤ ਵੱਖ ਵੱਖ ਮਹਿਕਮਿਆਂ ਵਿੱਚ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ।
ਵਿਦਿਆਰਥੀ ਜੱਥੇਬੰਦੀ ਨੇ ਬਜਟ ਸ਼ੈਸ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਵਿੱਦਿਅਕ ਖੇਤਰ ਨਾਲ ਸੰਬੰਧਿਤ ਮੰਗ ਕੀਤੀ ਗਈ ਕਿ ਸਰਕਾਰੀ ਬੇਰੁਖੀ ਦਾ ਸ਼ਿਕਾਰ ਵਿੱਤੀ ਸੰਕਟ ਚ ਘਿਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਭਨਾਂ ਸਰਕਾਰੀ ਵਿੱਦਿਅਕ ਸੰਸਥਾਵਾਂ ਦੀਆਂ ਸਾਰੀਆਂ ਵਿੱਤੀ ਜੁੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ, ਸਭਨਾਂ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਅਧਿਆਪਨ ਅਤੇ ਹੋਰ ਅਮਲੇ ਦੀਆਂ ਖਾਲੀ ਅਤੇ ਹੋਰ ਲੋੜੀਂਦੀਆਂ ਅਸਾਮੀਆਂ ਰੈਗੂਲਰ ਆਧਾਰ 'ਤੇ ਫੌਰੀ ਭਰੀਆਂ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਦੇ ਬਜਟ 'ਚ ਵਾਧਾ ਕੀਤਾ ਜਾਵੇ। ਇਸ ਮੌਕੇ ਰਮਨਦੀਪ ਕੌਰ, ਪ੍ਰੀਤੀ, ਖੁਸ਼ੀ, ਅੰਮ੍ਰਿਤ, ਜਸਪ੍ਰੀਤ, ਹਰਪ੍ਰੀਤ ਸਿੰਘ, ਸਹਿਜਦੀਪ ਸਿੰਘ ਆਦਿ ਹਾਜ਼ਰ ਸਨ।