ਬਿਨਾਂ ਮੁਖੀਆਂ ਦੇ ਚੱਲਦੇ ਸਕੂਲ ਉਡੀਕ ਰਹੇ ਨੇ ਮੁਖੀਆਂ ਨੂੰ: ਡੀ ਟੀ ਐੱਫ
ਢਾਈ ਮਹੀਨੇ ਪਹਿਲਾਂ ਕਾਗਜ਼ਾਂ ਵਿੱਚ ਬਣਾਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣ : ਡੀ ਟੀ ਐੱਫ
189 ਸਕੂਲ ਪ੍ਰਿੰਸੀਪਲਾਂ ਨੂੰ ਸਟੇਸ਼ਨ ਚੋਣ ਕਰਵਾਉਣਾ ਭੁੱਲਿਆ ਸਿੱਖਿਆ ਵਿਭਾਗ
ਦਲਜੀਤ ਕੌਰ
ਚੰਡੀਗੜ੍ਹ, 14 ਫਰਵਰੀ, 2023: ਪੰਜਾਬ ਸਿੱਖਿਆ ਵਿਭਾਗ ਭਾਂਵੇ ਆਪਣੇ ਆਪ ਨੂੰ ਆਨ ਲਾਈਨ ਕਰਨ ਵਿੱਚ ਦੇਸ਼ ਵਿੱਚੋਂ ਮੋਹਰੀ ਸੂਬਿਆਂ ਚੋਂ ਹੋਣ ਦਾ ਦਾਅਵਾ ਕਰੇ ਪਰ ਜਦੋਂ ਅਧਿਆਪਕਾਂ ਨੂੰ ਉਨ੍ਹਾਂ ਦੇ ਲਾਭ ਦੇਣੇ ਪੈਣ ਤਾਂ ਇਸਦੇ ਕੰਮ ਕਰਨ ਦੀ ਗਤੀ ਮੰਦ ਪੈ ਜਾਂਦੀ ਹੈ, ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪਿਛਲੇ ਦਿਨੀਂ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ ਵਿੱਚ ਬਿਨਾਂ ਕਾਰਨ ਅੜਿੱਕੇ ਡਾਹੇ ਅਤੇ ਹੁਣ 29 ਨਵੰਬਰ 2022 ਮੁੱਖ ਦਫਤਰ ਵਿਖੇ 189 ਬਤੌਰ ਪ੍ਰਿੰਸੀਪਲ ਹਾਜ਼ਰ ਹੋ ਚੁੱਕੇ 135 ਲੈਕਚਰਾਰ ਅਤੇ 35 ਮੁੱਖ ਅਧਿਆਪਕ ਅਤੇ 19 ਵੋਕੇਸ਼ਨਲ ਮਾਸਟਰ ਲੈਕਚਰਾਰ ਆਪਣੇ ਪੁਰਾਣੇ ਸਕੂਲਾਂ ਵਿੱਚ ਪੁਰਾਣੇ ਅਹੁਦੇ ਤੇ ਹੀ ਕੰਮ ਕਰ ਰਹੇ ਹਨ ਅਤੇ ਢਾਈ ਮਹੀਨਿਆਂ ਤੋਂ ਸਟੇਸ਼ਨ ਅਲਾਟਮੈਂਟ ਦੀ ਉਡੀਕ ਕਰ ਰਹੇ ਹਨ ਅਤੇ ਤਰੱਕੀ ਉਪਰੰਤ ਬਣੇ ਇੰਨ੍ਹਾਂ 189 ਪ੍ਰਿੰਸੀਪਲਾਂ ਵਿੱਚੋਂ 5 ਜਣੇ ਦਸੰਬਰ 2022 ਵਿੱਚ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਮੁਖੀਆਂ ਤੋਂ ਬਿਨਾਂ ਹੀ ਚੱਲ ਰਹੇ ਹਨ ਜਦਕਿ ਸਲਾਨਾ ਪ੍ਰੀਖਿਆਵਾਂ ਦੇ ਦਿਨ ਸਿਰ ਤੇ ਹਨ। ਇੰਨ੍ਹਾਂ ਸਕੂਲਾਂ ਵਿੱਚ ਪੱਕੇ ਸਕੂਲ ਮੁਖੀ ਨਾ ਹੋਣ ਕਾਰਣ ਪ੍ਰਬੰਧ ਦੀਆਂ ਘਾਟਾਂ ਲਈ ਵਿਭਾਗ ਜ਼ਿੰਮੇਵਾਰ ਹੈ।
ਡੀ ਟੀ ਐੱਫ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਕੂਲਾਂ ਤੋਂ ਲਏ ਜਾਣ ਵਾਲੇ ਅੰਕੜਿਆਂ ਅਤੇ ਡਾਕਾਂ ਨੂੰ ਹਮੇਸ਼ਾ ਸਮਾਂ ਬੱਧ ਭੇਜਣ ਦੀ ਹਦਾਇਤ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਇਹ ਵੀ ਲਿਖਿਆ ਜਾਂਦਾ ਹੈ ਕਿ ਸਕੂਲ ਛੱਡਣ ਤੋਂ ਪਹਿਲਾਂ ਡਾਕ ਹਰ ਹਾਲਤ ਵਿੱਚ ਭੇਜੀ ਜਾਵੇ, ਪਰ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਕੰਮਾਂ ਨਾਲ ਸਬੰਧਤ ਫਾਇਲਾਂ ਤੇ ਮਿੱਟੀ ਜੰਮੀ ਰਹਿੰਦੀ ਹੈ।
ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਨਵੰਬਰ 2022 ਵਿੱਚ ਤਰੱਕੀ ਲੈ ਕੇ ਬਣੇ ਪ੍ਰਿੰਸੀਪਲਾਂ ਨੂੰ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ ਤਾਂ ਜੋ ਵੱਡੀ ਗਿਣਤੀ ਵਿੱਚ ਬਿਨਾਂ ਮੁਖੀਆਂ ਤੋਂ ਚੱਲ ਰਹੇ ਸਕੂਲਾਂ ਵਿੱਚੋਂ 189 ਸਕੂਲਾਂ ਨੂੰ ਮੁੱਖ ਦਫਤਰ ਵਿਖੇ ਜੁਆਇੰਨ ਕਰ ਚੁੱਕੇ ਪ੍ਰਿੰਸੀਪਲ ਮਿਲ ਸਕਣ।