ਮੋਰਿੰਡਾ, 10 ਫਰਵਰੀ ( ਭਟੋਆ)
ਪੰਜਾਬ ਸਰਕਾਰ ਵੱਲੋਂ ਏਡਿਡ ਕਾਲਜਾਂ ਦੇ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੀ ਨਾ ਪੱਖੀ ਨੀਤੀ ਦੇ ਵਿਰੋਧ ਵਿੱਚ
ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਕਾਲਜ ਦਾ ਗੇਟ ਬੰਦ ਕਰਕੇ ਦੁਪਹਿਰ 1 ਤੋਂ 3 ਵਜੇ ਤੱਕ ਮੁਕੰਮਲ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ 7ਵੇਂ ਤਨਖਾਹ ਕਮਿਸ਼ਨ ਵਿੱਚ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਸੇਵਾਮੁਕਤੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ। ਜਿਸ ਕਾਰਨ ਏਡਿਡ ਕਾਲਜਾਂ ਦੇ ਅਧਿਆਪਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉੱਚੇਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਵਿੱਚ ਸੋਧ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਧਿਆਪਕ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਵੀ ਤੇਜ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਕਮੇਟੀ ਦੇ ਮੈਂਬਰ ਜਾਗੀਰ ਸਿੰਘ, ਪ੍ਰੋ. ਨਵਜੋਤ ਕੌਰ, ਪ੍ਰੋ. ਦਿਵਿਆ ਸ਼ਰਮਾ, ਲਵਪ੍ਰੀਤ ਕੌਰ, ਹਰਪ੍ਰੀਤ ਕੌਰ, ਅਨੀਤਾ ਸ਼ਰਮਾ ਆਦਿ ਮੌਜੂਦ ਸਨ।