ਕਈ ਨੈਸ਼ਨਲ ਅਤੇ ਸਟੇਟ ਐਵਾਰਡ ਜਿੱਤ ਚੁੱਕੇ ਹਨ ਡਾ. ਜਸਵਿੰਦਰ ਸਿੰਘ
ਐੱਮ ਐੱਸ ਸੀ ਤੱਕ ਦੇ ਵਿਦਿਆਰਥੀਆਂ ਨੂੰ ਦਿੰਦੇ ਹਨ ਗਿਆਨ
ਸਮਾਜ ਲਈ ਕੁੱਝ ਕਰਨ ਦੀ ਇੱਛਾ ਨੇ ਮੈਨੂੰ ਰਾਹ ਦਿਖਾਈ: ਡਾ. ਜਸਵਿੰਦਰ ਸਿੰਘ
ਦਲਜੀਤ ਕੌਰ
ਭਵਾਨੀਗੜ੍ਹ, 1 ਫਰਵਰੀ, 2023: ਸਥਾਨਕ ਸੁਨਾਮ ਰੋਡ ਉੱਤੇ ਸਥਿਤ ਸੰਸਕਾਰ ਵੈਲੀ ਸਮਾਰਟ ਸਕੂਲ ਵਿੱਚ ਸਾਇੰਸ ਦੇ ਲੈਕਚਰਾਰ ਅਤੇ ਨੈਸ਼ਨਲ ਐਵਾਰਡੀ ਡਾ. ਜਸਵਿੰਦਰ ਸਿੰਘ ਵੱਲੋਂ ਸਾਇੰਸ ਦਾ ਪ੍ਰੈਕਟੀਕਲ ਗਿਆਨ ਦੇਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਅਤੇ ਨਾਲ ਹੀ ਆਪਣੀ ਕਾਰ ਨੂੰ ਇੱਕ ਚਲਦੀ-ਫਿਰਦੀ ਸਾਇੰਸ ਲੈਬ ਵਿੱਚ ਬਦਲ ਦਿੱਤਾ।ਵਿਦਿਆਰਥੀਆਂ ਲਈ ਇਹ ਸਾਇੰਸ ਵਿੱਚ ਰੁਚੀ ਪੈਦਾ ਕਰਨ ਦਾ ਇਕ ਸੁਨਹਿਰਾ ਮੌਕਾ ਸਾਬਿਤ ਹੋਇਆ।
ਇਸ ਸਮੇਂ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਯੋਗਾਂ ਜਿਵੇਂ ਕਿ ਨਿਊਟਨ ਡਿਸਕ, ਵਾਯੂਮੰਡਲ ਦਾ ਦਬਾਅ, ਪਾਣੀ ਨਾਲ ਸੋਡੀਅਮ ਦੀ ਪ੍ਰਤੀਕਿਰਿਆ, ਸੋਲਰ ਸੈੱਲ, ਸੂਰਜੀ ਊਰਜਾ, ਗਰੈਵੀਟੇਸ਼ਨਲ ਫੋਰਸ, ਬੈਲੂਨ ਪ੍ਰਯੋਗ (ਨਿਊਟਨ ਗਤੀ ਦਾ ਤੀਜਾ ਨਿਯਮ), ਰਾਕੇਟ ਬਾਲਣ ਪ੍ਰਯੋਗ (ਨਿਊਟਨ ਗਤੀ ਦਾ ਤੀਜਾ ਨਿਯਮ) ਕਰਕੇ ਦੇਖੇ ਅਤੇ ਇਨ੍ਹਾਂ ਪ੍ਰਯੋਗਾਂ ਨੂੰ ਵਿਦਿਆਰਥੀਆਂ ਨੇ ਆਪਣੇ ਜੀਵਨ ਵਿੱਚ ਵਰਤੋਂ ਕਰਨ ਦੀ ਜਾਣਕਾਰੀ ਲਈ। ਡਾ.ਜਸਵਿੰਦਰ ਸਿੰਘ ਨੇ ਸਾਇੰਸ ਦੇ ਪ੍ਰੈਕਟੀਕਲ ਨੂੰ ਬਹੁਤ ਹੀ ਆਸਾਨ ਅਤੇ ਰੁਚੀ ਵਾਲੇ ਤਰੀਕੇ ਨਾਲ ਕਰਕੇ ਦਿਖਾਇਆ। ਉਨ੍ਹਾਂ ਨੇ ਦੱਸਿਆ ਕਿ ਸਾਇੰਸ ਇਕ ਬਹੁਤ ਹੀ ਆਸਾਨ ਵਿਸ਼ਾ ਹੈ ਪ੍ਰੰਤੂ ਇਸ ਨੂੰ ਵਿਦਿਆਰਥੀਆਂ ਦੇ ਪੱਧਰ ਉੱਪਰ ਲੈ ਕੇ ਪੜਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਆਪਣੀ ਕਾਰ ਨੂੰ ਇਕ ਸਾਇੰਸ ਲੈਬ ਵਿੱਚ ਤਬਦੀਲ ਕਰ ਰੱਖਿਆ ਹੈ। ਜਿਸ ਲਈ ਉਨ੍ਹਾਂ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਦਰਜ ਹੋ ਚੁੱਕਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਦੋ ਵਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਡਾ. ਜਸਵਿੰਦਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਨੂੰ ਆਸਾਨ ਅਤੇ ਉਨ੍ਹਾਂ ਦੀ ਰੁਚੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਉੱਤੇ ਸਕੂਲ ਦੇ ਮੁੱਖ ਅਧਿਆਪਕਾ ਅਮਨ ਨਿੱਝਰ ਵੱਲੋਂ ਡਾ. ਜਸਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਇੰਸ ਨੂੰ ਸਮਝਣ ਅਤੇ ਪ੍ਰੈਕਟੀਕਲ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ। ਸਕੂਲ ਦੇ ਚੇਅਰਮੈਨ ਐਡਵੋਕੇਟ ਧਰਮਵੀਰ ਗਰਗ ਅਤੇ ਸਕੂਲ ਦੇ ਪ੍ਰਧਾਨ ਈਸ਼ਵਰ ਬਾਂਸਲ ਵੱਲੋਂ ਡਾ.ਜਸਵਿੰਦਰ ਸਿੰਘ ਨੂੰ ਇੱਕ ਯਾਦਗਾਰ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਅਮਨ ਨਿੱਝਰ, ਮੈਡਮ ਸਾਕਸ਼ੀ ਗਰਗ, ਪਰਾਜ਼ਲੀ ਰਾਣਾ, ਕਿਸ਼ੋਰ ਕੁਮਾਰ, ਮੋਨਿਕਾ ਰਾਣੀ, ਸ਼ੈਲੀ ਜੱਗੀ, ਰਮਨਦੀਪ ਕੌਰ, ਕਮਾਕਸੀ ਗਰਗ, ਰਾਜਵੀਰ ਕੌਰ, ਸੁਨੈਨਾ ਸੌਂਗਰਾ, ਡਿੰਪਲ ਸ਼ਰਮਾ, ਗੁਰਕਮਲ ਕੌਰ, ਸ਼ਮਾ ਰਾਣੀ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਸਿਖਾਦੀਪ, ਜਸਦੀਪ, ਹਿਮਾਂਸ਼ੂ ਅਗਰਵਾਲ, ਰੁਪਿੰਦਰ ਕੌਰ, ਮਾਨਵੀ ਵਰਮਾ, ਸਿੰਪਾ, ਨੈਹਾ ਸ਼ਰਮਾ, ਹਰਸ਼ਪ੍ਰੀਤ ਕੌਰ ਆਦਿ ਅਧਿਆਪਕ ਹਾਜਰ ਸਨ।