ਨਵੀਂ ਦਿੱਲੀ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਤਕਨੀਕ ਦੇ ਯੁੱਗ ਵਿੱਚ ਰੋਜ਼ਾਨਾਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਨਾਲ ਲੋਕਾਂ ਨੂੰ ਜਿੱਥੇ ਕੰਮ ਕਰਨਾ ਬਹੁਤ ਆਸਾਨ ਹੈ ਉਥੇ ਪਹਿਲਾਂ ਤੋਂ ਸਥਾਪਤ ਕੰਪਨੀਆਂ ਨੂੰ ਵੀ ਚਿੰਤਾ ਪੈਦਾ ਹੁੰਦੀ ਹੈ। ਹੁਣ ਆਏ Chat GPT ਨੇ ਗੂਗਲ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ। Chat GPT ਦਾ ਬਹੁਤੇ ਲੋਕਾਂ ਨੇ ਨਾਂ ਵੀ ਨਹੀਂ ਸੁਣਿਆ ਅਤੇ ਬਹੁਤ ਲੋਕ Chat GPT ਬਾਰੇ ਪੜ੍ਹਨ ਲਈ ਗੂਗਲ ਉਤੇ ਖੋਜ ਰਹੇ ਹਨ। Chat GPT ਨੂੰ ਅੰਗਰੇਜ਼ੀ ਵਿੱਚ Chat Generative Pretrained Transformer ਕਹਿੰਦੇ ਹਨ। ਇਸ ਨੂੰ ਓਪਨ ਆਰਟੀਫਿਸ਼ੀਅਲ ਇੰਟੇਲੀਜੈਂਸ (open AI) ਵੱਲੋਂ ਬਣਾਇਆ ਗਿਆ ਹੈ। Chat GPT ਇਕ ਅਜਿਹਾ ਚੈਟ ਬੋਟ ਹੈ ਜੋ ਤੁਹਾਡੇ ਵੱਲੋਂ ਪੁੱਛੇ ਗਏ ਪ੍ਰਸ਼ਨ ਨੂੰ ਸਮਝ ਕੇ ਵਿਸਥਾਰ ਨਾਲ ਜਵਾਬ ਤਿਆਰ ਕਰਕੇ ਦਿੰਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਗੂਗਲ ਦੀ ਤਰ੍ਹਾਂ ਸਰਚ ਕੀਤੇ ਗਏ ਸਵਾਲ ਨੂੰ ਸਾਹਮਣੇ ਨਹੀਂ ਲੈ ਕੇ ਆਉਂਦਾ। ਗੂਗਲ ਸਰਚ ਇੰਜਣ ਹੈ ਅਤੇ ਉਸਦੀ ਵਰਤੋਂ ਉਥੋਂ ਤੱਕ ਹੀ ਹੈ। ਵਰਤੋਂ ਕਰਨ ਵਾਲੇ ਦੱਸਦੇ ਹਨ ਕਿ Chat GPT ਨੂੰ ਕੋਈ ਵੀ ਸਵਾਲ ਕੀਤਾ ਜਾ ਸਕਦਾ ਹੈ ਅਤੇ ਏਆਈ ਰਾਹੀਂ ਤਿਆਰ ਜਵਾਬ ਲਿਖਕੇ ਦਿੰਦਾ ਹੈ। ਇਹ ਕਾਰਨ ਹੈ ਕਿ ਮਾਈਕਰੋਸਾਫਟ ਦੇ ਇਸ ਐਪਲੀਕੇਸ਼ਨ ਨਾਲ ਗੂਗਲ ਨੂੰ ਕੁਝ ਖਤਰਾ ਮਹਿਸੂਸ ਹੋ ਰਿਹਾ ਹੋਵੇਗਾ।
Chat GPT ਨੂੰ 30 ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ। ਜੀਪੀਟੀ ਵਰਗੇ ਚੈਟ ਬੋਟ ਵੱਡੀ ਮਾਤਰਾ ਵਿੱਚ ਡੇਟਾ ਅਤੇ ਕੰਪਿਊਟਿੰਗ ਤਕਨੀਕੀਆਂ ਵੱਲੋਂ ਸੰਚਾਲਿਤ ਹੁੰਦਾ ਹੈ ਤਾਂ ਕਿ ਸ਼ਬਦਾਂ ਨੂੰ ਸਾਰਥਿਕ ਤਰੀਕੇ ਨਾਲ ਜੋੜਨ ਦੇ ਬਾਅਦ ਕੋਈ ਜਵਾਬ ਤਿਆਰ ਕੀਤਾ ਜਾ ਸਕੇ। ਇਹ ਨਾ ਕੇਵਲ ਸ਼ਬਦਾਵਲੀ ਅਤੇ ਜਾਣਕਾਰੀ ਦੀ ਵਰਤੋਂ ਕਰਦੇ ਹਨ, ਸਗੋਂ ਸ਼ਬਦਾਂ ਨੂੰ ਉਨ੍ਹਾਂ ਦੇ ਸਹੀ ਸੰਦਰਭ ਵਿੱਚ ਸਮਝਾਉਂਦੇ ਵੀ ਹਨ।
Google ਅਤੇ Meta ਵਰਗੀਆਂ ਹੋਰ ਤਕਨੀਕੀ ਕੰਪਨੀਆਂ ਨੇ ਖੁਦ ਦੇ ਭਾਸ਼ਾ ਮਾਡਲ ਉਪਕਰਨ ਵਿਕਸਿਤ ਕੀਤੇ ਹਨ, ਜੋ ਅਜਿਹੇ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹਨ। ਓਪਨ ਏਆਈ ਨੇ ਜੋ ਇਹ ਇੰਟਰਫੇਸ ਤਿਆਰ ਕੀਤਾ ਹੈ ਇਸ ਨੂੰ ਆਮ ਲੋਕ ਸਿੱਧੀ ਵਰਤੋਂ ਕਰ ਰਹੇ ਹਨ। ਜਿਵੇਂ ਅਜੇ ਵੀ ਇਸ ਉਤੇ ਕੰਮ ਚਲ ਰਿਹਾ ਹੈ ਅਤੇ ਕੁਝ ਥਾਵਾਂ ਉਤੇ ਇਹ ਵੀ ਦੇਖਿਆ ਗਿਆ ਕਿ ਜਵਾਬ ਤਸ਼ੱਲੀਬਖਸ ਨਹੀਂ ਹਨ।
ਫਿਲਹਾਲ Chat GPT ਅੰਗਰੇਜ਼ੀ ਵਿੱਚ ਕੰਮ ਕਰ ਰਿਹਾ ਹੈ। ਪ੍ਰੰਤੂ ਇਹ ਹਿੰਦੀ ਅਤੇ ਹੋਰ ਭਾਸ਼ਾਵਾਂ ਉਤੇ ਵੀ ਕੰਮ ਕਰੇਗਾ। ਦੇਖਿਆ ਜਾ ਰਿਹਾ ਹੈ ਕਿ Chat GPT ਵਰਤਣ ਵਾਲਿਆਂ ਦੀ ਗਿਣਤੀ ਕਰੀਬ 2 ਮਿਲੀਅਨ ਤੱਕ ਪਹੁੰਚ ਗਈ ਹੈ।