ਸਵਾ ਲੱਖ ਮੁਲਾਜਮਾਂ ਦੇ ਸਿੱਖਿਆ ਮਹਿਕਮੇ ਵਿੱਚ ਕਈ-ਕਈ ਸਾਲ ਨਹੀਂ ਹੁੰਦਾ ਮਾਮਲਿਆਂ ਦਾ ਨਿਪਟਾਰਾ
ਦਲਜੀਤ ਕੌਰ
ਚੰਡੀਗੜ੍ਹ, 19 ਜਨਵਰੀ, 2023: ਪੰਜਾਬ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਵਿਭਾਗੀ ਮਾਮਲਿਆਂ ਨੂੰ ਨਜਿੱਠਣ ਲਈ ਜਿੰਮੇਵਾਰ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਪ੍ਰਾਇਮਰੀ ਤੇ ਸੈਕੰਡਰੀ) ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਈ ਤਰਾਂ ਦੇ ਜਾਂਚ-ਪੜਤਾਲ, ਤਰੱਕੀਆਂ ਅਤੇ ਮੈਡੀਕਲ ਅਦਾਇਗੀਆਂ ਦੇ ਮਸਲੇ ਕਈ-ਕਈ ਸਾਲ ਤੋਂ ਲਟਕਦੇ ਆ ਰਹੇ ਹਨ। ਜਿਸ ਕਾਰਨ ਸਬੰਧਿਤ ਅਧਿਆਪਕਾਂ ਨੂੰ ਗਹਿਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੈਮੋਕ੍ਰੇਟਿਕ ਟੀਚਰ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੱਸਿਆ ਕਿ ਡੀ.ਪੀ.ਆਈ. ਦਫ਼ਤਰ ਪ੍ਰਾਇਮਰੀ ਤੇ ਸੈਕੰਡਰੀ ਅੰਦਰ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਇਨਕੁਆਰੀਆਂ ਤੇ ਹੋਰ ਮਾਮਲੇ ਕਈ ਸਾਲਾਂ ਤੋਂ ਅਣਛੋਹੇ ਪਏ ਹਨ ਅਤੇ 'ਆਪ ਸਰਕਾਰ' ਵੱਲੋਂ ਲੋਕਾਂ ਨੂੰ ਚੰਗਾ ਪ੍ਰਸ਼ਾਸ਼ਨ ਦੇਣ ਦੇ ਦਾਅਵੇ ਦਾ ਮੂੰਹ ਚੜ੍ਹਾ ਰਹੇ ਹਨ। ਇਹਨਾਂ ਵਿੱਚ ਅਧਿਆਪਕਾਂ ਵੱਲੋਂ ਬਿਮਾਰੀ ਦੇ ਖਰਚੇ ਦਾ ਮੈਡੀਕਲ ਕਲੇਮ ਲੈਣ ਲਈ ਭੇਜੇ ਮੈਡੀਕਲ ਰੀਇਮਬਰਸਮੈਂਟ ਦੇ ਹਜ਼ਾਰਾਂ ਮਾਮਲਿਆਂ ਦਾ ਵੀ ਸ਼ਾਮਿਲ ਹੋਣਾ ਗੰਭੀਰ ਚਿੰਤਾ ਦੀ ਗੱਲ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੁਲੇਵਾਲਾ, ਰਘਵੀਰ ਭਵਾਨੀਗਡ਼੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ, ਪਵਨ ਕੁਮਾਰ, ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੈਂਡਿੰਗ ਇਨਕੁਆਰੀਆਂ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਦੀਆਂ ਬਦਲੀ, ਪ੍ਰਮੋਸ਼ਨ, ਸੇਵਾ ਮੁਕਤੀ ਅਤੇ ਵਿਦੇਸ਼ੀ ਛੁੱਟੀ ਆਦਿ ਦੀ ਪ੍ਰਵਾਨਗੀ ਵੀ ਵਿਚਕਾਰ ਲਟਕ ਰਹੀ ਹੈ ਅਤੇ ਅਧਿਆਪਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਲਈ ਇਨਾਂ ਸਭ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਬਣਦਾ ਹੈ।
ਅਧਿਆਪਕ ਆਗੂਆਂ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪ੍ਰਾਸ਼ਰ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਕੁਲਦੀਪ ਸਿੰਘ ਤੌਲਾਨੰਗਲ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਡਾ.ਗੁਰਦਿਆਲ ਸਿੰਘ, ਚਰਨਜੀਤ ਸਿੰਘ ਭੱਟੀ, ਕੇਵਲ ਸਿੰਘ, ਵਿਸ਼ਾਲ ਕਪੂਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਦਿਲਬਾਗ ਸਿੰਘ, ਨਰਿੰਦਰ ਸਿੰਘ ਮੱਲੀਆਂ, ਗੁਰਪ੍ਰੀਤ ਸਿੰਘ ਨਾਭਾ, ਬਲਦੇਵ ਮੰਨਣ ਅਤੇ ਦੀਪਕ ਆਦਿ ਨੇ ਮੰਗ ਕੀਤੀ ਹੈ ਡਾਇਰੈਕਟਰ ਸਿੱਖਿਆ ਵਿਭਾਗ (ਪ੍ਰਾਇਮਰੀ ਤੇ ਸੈਕੰਡਰੀ) ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਫੌਰੀ ਭਰੀਆਂ ਜਾਣ ਅਤੇ ਅਧਿਆਪਕਾਂ ਦੇ ਸਾਰੇ ਪੈਂਡਿੰਗ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ, ਤਾਂ ਜੋ ਅਧਿਆਪਕਾਂ ਦੇ ਵਿਭਾਗੀ ਕੰਮਕਾਜ ਸਹੀ ਸਮੇਂ ਪੂਰੇ ਹੋ ਸਕਣ।