ਦਲਜੀਤ ਕੌਰ
ਸੰਗਰੂਰ, 19 ਜਨਵਰੀ, 2023: ਸੜਕ ਸੁਰੱਖਿਆ ਬਾਰੇ ਹਰੇਕ ਨਾਗਰਿਕ ਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਬਾਰੇ ਜਾਗਰੂਕਤਾ ਦੀ ਕਮੀ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਹ ਪ੍ਰਗਟਾਵਾ ਸਕੱਤਰ ਆਰ.ਟੀ.ਏ ਡਾ. ਵਿਨੀਤ ਕੁਮਾਰ ਨੇ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਹਫ਼ਤੇ ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦੀ ਸਮਾਪਤੀ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਇੱਕ ਬੇਹੱਦ ਜ਼ਰੂਰੀ ਵਿਸ਼ਾ ਹੈ ਜਿਸ ਬਾਰੇ ਨਿਯਮਤ ਤੌਰ ’ਤੇ ਵਿਭਾਗੀ ਟੀਮਾਂ ਤੇ ਟਰੈਫਿਕ ਵਿਭਾਗ ਕਾਰਜਸ਼ੀਲ ਰਹਿੰਦਾ ਹੈ।
ਸਮਾਪਤੀ ਮੌਕੇ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ ਦੇ ਵਿਦਿਆਰਥੀਆਂ ਨੇ ਲੋਕ ਜਾਗਰੂਕਤਾ ਹਿੱਤ ਰੈਲੀ ਕੀਤੀ।ਇਸ ਦੌਰਾਨ ਵਿਦਿਆਰਥੀਆਂ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਸੁਚੇਤ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਸੜਕ ਦੁਰਘਟਨਾਵਾਂ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਹੌਲੀ ਵਾਹਨ ਚਲਾਉਣ ਅਤੇ ਸੰਕੇਤ ਚਿੰਨ੍ਹਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ।