ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋਇਆ ਨੁਕਸਾਨ
ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣਾ ਪੰਜਾਬ ਸਰਕਾਰ ਲਈ ਚੁਣੌਤੀ
ਚੰਡੀਗੜ੍ਹ,19 ਜਨਵਰੀ,ਦੇਸ਼ ਕਲਿਕ ਬਿਊਰੋ:
ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਤੇ ਬੱਚੇ ਕਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਮੌਜੂਦਾ ਸਮੇਂ ‘ਚ ਬਹੁਤ ਪਛੜ ਗਏ ਹਨ।ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਕਾਫ਼ੀ ਧਿਆਨ ਦੇ ਰਹੀ ਹੈ।ਸੁਹਿਰਦ ਅਧਿਆਪਕਾਂ ਤੋਂ ਬਿਨਾ ਬਾਕੀ ਚੀਜ਼ਾਂ ਨਾਲ ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣਾ ਨਾਮੁਮਕਿਨ ਹੈ ਤੇ ਪੰਜਾਬ ਵਿੱਚ ‘ਆਪ’ ਸਰਕਾਰ ਲਈ ਚੁਣੌਤੀ ਵੀ ਹੈ।ਸਲਾਨਾ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ਸਿੱਖਿਆ ਦੀ ਸਲਾਨਾ ਸਥਿਤੀ) ਦੇ ਨਤੀਜਿਆਂ ਦੇ ਅਨੁਸਾਰ, ਪੇਂਡੂ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ, ਬੁਨਿਆਦੀ ਪਾਠ ਪੜ੍ਹਨ ਅਤੇ ਅੰਕ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ, 2018 ਵਿੱਚ ਕੋਵਿਡ ਤੋਂ ਪਹਿਲਾਂ ਦੇ ਅੰਕੜਿਆਂ ਦੀ ਤੁਲਨਾ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।ਭਾਰਤ ਦੇ ਪੇਂਡੂ ਖੇਤਰ ਲਈ ਬੁੱਧਵਾਰ ਨੂੰ ਪ੍ਰਥਮ ਫਾਊਂਡੇਸ਼ਨ ਦੁਆਰਾ ਅੰਕੜੇ ਜਾਰੀ ਕੀਤੇ ਗਏ,ਜੋ ਚਿੰਤਾਜਨਕ ਹਨ। ਹਾਲਾਂਕਿ, ਪੰਜਾਬ ਨੇ ਰਾਸ਼ਟਰੀ ਔਸਤ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।ਕਰੋਨਾ ਮਹਾਂਮਾਰੀ ਕਾਰਨ ਲੰਮਾ ਸਮਾਂ ਸਕੂਲ ਬੰਦ ਰਹਿਣ ਤੋਂ ਦੋ ਸਾਲਾਂ ਬਾਅਦ, 2022 ਐਜੂਕੇਸ਼ਨ ਦੀ ਸਲਾਨਾ ਸਥਿਤੀ ਰਿਪੋਰਟ (ASER) ਵਿੱਚ ਕਾਫੀ ਖੁਲਾਸੇ ਹੋਏ ਹਨ।2022 ਵਿੱਚ ਬੱਚੇ ਵੱਡੀ ਗਿਣਤੀ ਵਿੱਚ ਸਕੂਲ ਵਾਪਸ ਪਰਤੇ। ਮਹਾਂਮਾਰੀ ਕਾਰਨ ਆਏ ਆਰਥਿਕ ਸੰਕਟ ਅਤੇ ਹੋਰ ਸਮੱਸਿਆਵਾਂ ਕਾਰਨ ਬੱਚਿਆਂ ਨੇ ਸਕੂਲ ਛੱਡਿਆ। ਗੰਭੀਰ ਵਿਸ਼ਾ ਇਹ ਹੈ ਕਿ ਲੰਮਾ ਸਮਾਂ ਸਕੂਲ ਬੰਦ ਰਹਿਣ ਕਾਰਨ ਬੱਚਿਆ ਦੇ ਸਿੱਖਣ ਦੇ ਪੱਧਰ ਵਿੱਚ ਵੱਡੀ ਗਿਰਾਵਟ ਆਈ।ਅਜਿਹਾ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ, ਲੜਕੀਆਂ ਅਤੇ ਲੜਕਿਆਂ ਦੋਵਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਜਾਰੀ ਕੀਤੀ ਗਈ 17ਵੀਂ ASER ਦੀ ਰਿਪੋਰਟ ਦੇ ਅਨੁਸਾਰ, ਜਿਵੇਂ ਕਿ ਮਹਾਂਮਾਰੀ ਦੇ ਘਟਣ ਨਾਲ, ਸਕੂਲ ਵਿੱਚ ਦਾਖਲਾ 2022 ਵਿੱਚ ਰਿਕਾਰਡ ਉੱਚ ਪੱਧਰ ਨੂੰ ਛੂਹ ਗਿਆ। 6-14 ਉਮਰ ਵਰਗ ਦੇ 98.4% ਬੱਚੇ ਹੁਣ ਸਕੂਲ ਵਿੱਚ ਹਨ, ਜੋ ਕਿ 2018 ਵਿੱਚ 97.2% ਤੋਂ ਵੱਧ ਹਨ।ਪੰਜਾਬ ਦੀ ਗੱਲ ਕਰੀਏ ਬਹੁਤ ਸਾਰੇ ਬੱਚੇ, ਇੱਥੋਂ ਤੱਕ ਕਿ ਪ੍ਰਾਇਮਰੀ ਜਮਾਤਾਂ ਵਿੱਚ ਵੀ, ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਪ੍ਰਾਈਵੇਟ ਟਿਊਟਰਾਂ ਦੀ ਮਦਦ ਲੈ ਰਹੇ ਹਨ।'ਆਪ' ਸਰਕਾਰ ਲਈ ਇੱਕ ਮੌਕਾ ਅਤੇ ਚੁਣੌਤੀ ਦੋਵੇਂ ਹਨ।ਪੰਜਾਬ ਸਰਕਾਰ ਸਕੂਲਾਂ ਨੂੰ ਵਧੀਆ ਬਣਾਉਣ ਲਈ ਜ਼ੋਰ ਲੱਗਾ ਰਹੀ ਹੈ ਪਰ ਸਕੂਲ ਬਿਲਡਿੰਗਾਂ,ਫ਼ਰਨੀਚਰ ਅਤੇ ਹੋਰ ਸਹੂਲਤਾਂ ਦੇਣ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਧਿਆਪਕਾਂ ਦੀ ਲੋੜ ਹੈ।