ਨਵਨਿਯੁੱਕਤ ਅਧਿਆਪਕਾਂ ਦੇ ਪਰੋਬੇਸ਼ਨ ਕਾਲ਼ ਨੂੰ ਤਿੰਨ ਸਾਲ ਤੋਂ ਘੱਟ ਕੀਤਾ ਜਾਵੇ: ਗੌਰਮਿੰਟ ਟੀਚਰਜ਼ ਯੂਨੀਅਨ
ਦਲਜੀਤ ਕੌਰ
ਚੰਡੀਗੜ੍ਹ, 18 ਜਨਵਰੀ, 2023: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈੱਸ ਸਕੱਤਰ ਸੁਰਜੀਤ ਮੁਹਾਲੀ, ਸਹਾਇਕ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਨੇ ਮੰਗ ਕੀਤੀ ਹੈ ਕਿ ਓ. ਡੀ. ਐਲ ਅਧਿਆਪਕਾਂ (7654 ਤੇ 5178 ਅਤੇ 3442, 180)ਨੂੰ ਤਰੁੰਤ ਰੈਗੂਲਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਬਦਲੀ ਦਾ ਖਾਸ ਅਧਿਕਾਰ ਦਿੱਤਾ ਜਾਵੇ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਮਾਨਯੋਗ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਈ-ਮੇਲ ਕਰਕੇ ਮੰਗ ਕੀਤੀ ਹੈ ਕਿ ਰੈਗੂਲਰ ਹੋਣ ਤੋਂ ਰਹਿ ਗਏ ਤੇ ਹਾਲੇ ਤੱਕ ਪਰਖ ਕਾਲ਼ ਤੇ ਚੱਲ ਰਹੇ ਓ. ਡੀ. ਐਲ. ਅਧਿਆਪਕਾਂ ਨੂੰ ਤਰੁੰਤ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਖਾਸ ਤੌਰ ਤੇ ਬਦਲੀ ਲਈ ਵਿਚਾਰਿਆ ਜਾਵੇ, ਕਿਉਂਕਿ ਫਰਵਰੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੇ ਅਗਲੇ ਰਾਊਂਡ ਲਈ ਪੋਰਟਲ ਖੁੱਲਣ ਸਮੇਂ ਬਦਲੀ ਨੀਤੀ ਅਨੁਸਾਰ ਦੋ ਸਾਲ ਦੇ ਸਟੇਅ ਤੋਂ ਬਾਅਦ ਕੋਈ ਵੀ ਅਧਿਆਪਕ ਬਦਲੀ ਲਈ ਯੋਗ ਹੈ ਤਾਂ ਇਹਨਾਂ ਅਧਿਆਪਕਾਂ ਨੂੰ ਪਰੋਬੇਸ਼ਨ ਦੀਆਂ ਸ਼ਰਤਾਂ ਦੇ ਬਹਾਨੇ ਬਦਲੀ ਤੋਂ ਕਿਉਂ ਲੰਬੇ ਸਮੇਂ ਤੋਂ ਰੋਕਿਆ ਹੋਇਆ ਹੈ? ਜਦੋਂ ਹੋਰ ਅਧਿਆਪਕਾਂ ਨੂੰ ਬਦਲੀ ਦਾ ਅਧਿਕਾਰ ਹੈ ਤਾਂ ਇਹਨਾਂ ਅਧਿਆਪਕਾਂ ਨੂੰ ਵੀ ਬਦਲੀ ਨੀਤੀ ਅਨੁਸਾਰ ਵਿਚਾਰਨਾ ਬਣਦਾ ਹੈ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਕਿ ਪਰੋਬੇਸ਼ਨ ਕਾਲ ਦੀ ਤਿੰਨ ਸਾਲਾਂ ਦੀ ਸ਼ਰਤ ਨੂੰ ਘੱਟ ਕੀਤਾ ਜਾਵੇ ਬਾਰਡਰ ਕੇਡਰ ਜਿਹੜਾ ਦੋ ਸਾਲਾਂ ਦਾ ਪਰਖ ਸਮਾਂ ਪਾਰ ਕਰ ਚੁੱਕਾ ਹੈ ਨੂੰ ਵੀ ਬਦਲੀ ਲਈ ਵਿਚਾਰਿਆ ਜਾਵੇ ਅਤੇ 180 ਅਧਿਆਪਕਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।
ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਵਿੰਦਰ ਸਸਕੌਰ, ਕੁਲਦੀਪ ਪੂਰੋਵਾਲ, ਮੰਗਲ ਟਾਂਡਾ, ਮਨੋਹਰ ਲਾਲ ਸ਼ਰਮਾ, ਗੁਰਪ੍ਰੀਤ ਅੰਮੀਵਾਲ, ਦੇਵੀ ਦਿਆਲ, ਬਲਵਿੰਦਰ ਭੁੱਟੋ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਪੁਸ਼ਪਿੰਦਰ ਪਟਿਆਲਾ, ਸੁਭਾਸ਼ ਪਠਾਨਕੋਟ, ਸੁਖ ਚੈਨ ਕਪੂਰਥਲਾ, ਬੋਧ ਰਾਜ, ਨੀਰਜ ਯਾਦਵ, ਪਰਮਜੀਤ ਸ਼ੇਰੋਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ਼, ਸਰਬਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ ਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।