ਬੇਰੁਜ਼ਗਾਰ ਅਧਿਆਪਕਾਂ ਨੇ ਮੀਟਿੰਗ ਕਰਕੇ ਘਿਰਾਓ ਸੰਬੰਧੀ ਕੀਤੀ ਲਾਮਬੰਦੀ
ਦਲਜੀਤ ਕੌਰ
ਚੰਡੀਗੜ੍ਹ/ਸੰਗਰੂਰ, 13 ਜਨਵਰੀ, 2023: ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੂਬਾ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਅਧਿਆਪਕਾਂ ਵੱਲੋਂ ਕੱਲ੍ਹ 14 ਜਨਵਰੀ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸੰਬੰਧੀ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਅਨੰਦਪੁਰ ਸਾਹਿਬ ਦਿੱਤੇ ਜਾ ਰਹੇ ਧਰਨੇ ਸੰਬੰਧੀ ਲਾਮਬੰਦੀ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ ਨੇ ਕਿਹਾ ਕਿ ਆਪ ਦੀ ਭਗਵੰਤ ਮਾਨ ਵਾਲੀ ਸਰਕਾਰ ਨੇ ਸੂਬੇ ਦਾ ਸਿੱਖਿਆਂ ਢਾਂਚਾ ਠੀਕ ਕਰਨ ਲਈ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਦੀ ਗੱਲ ਕਹੀ ਸੀ, ਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪ ਸਰਕਾਰ ਉਹਨਾਂ ਨਾਲ ਮੀਟਿੰਗਾਂ ਤੋਂ ਵੀ ਭੱਜ ਰਹੀ ਹੈ ਅਤੇ ਬੇਰੁਜ਼ਗਾਰਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਲਾਰਾ ਲਗਾ ਕੇ ਸਮਾਂ ਲੰਘਾ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਅੱਧਾ ਘੰਟਾ ਪਹਿਲਾਂ ਮਾਮੂਲੀ 4161 ਅਸਾਮੀਆਂ ਭਰਨ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਵਿੱਚ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਆਦਿ ਤਿੰਨਾਂ ਵਿਸ਼ਿਆਂ ਦੀਆਂ ਕੁੱਲ 1405 ਪੋਸਟਾਂ ਕੱਢੀਆਂ ਗਈਆਂ ਸਨ, ਜਦੋਂ ਕਿ ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਘਾਟ ਹੈ। ਇਹਨਾਂ ਵਿਸ਼ਿਆਂ ਨੂੰ ਹੋਰਨਾਂ ਵਿਸ਼ਿਆਂ ਦੇ ਅਧਿਆਪਕਾਂ ਦੁਆਰਾ ਪੜਾਉਣ ਕਾਰਨ ਵੱਡੇ ਪੱਧਰ ਤੇ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਦੇ ਵਿਦਿਆਰਥੀ ਫੇਲ੍ਹ ਹੋ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾਵੇ, ਬੀ ਏ ਵਿੱਚੋਂ 55% ਦੀ ਮਾਰੂ ਸ਼ਰਤ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਜੇ ਵੀ ਬੀ.ਐੱਡ 45-50% ਤੇ ਹੋ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵੀ ਬੇਰੁਜ਼ਗਾਰ ਸਾਥੀ ਜਗਸੀਰ ਸਿੰਘ ਮਾਨਸਾ 55% ਦੀ ਸ਼ਰਤ ਕਾਰਣ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਗਿਆ ਸੀ। ਬੀ ਐੱਡ ਕਰਨ ਸਮੇਂ ਬੀ ਏ ਦੇ ਅੰਕਾਂ ਦੀ ਕੋਈ ਸੀਮਾਂ ਨਹੀਂ ਰੱਖੀ ਗਈ ਜਦੋਂਕਿ ਨੌਕਰੀ ਲੈਣ ਸਮੇਂ ਸਰਕਾਰ ਵੱਲੋਂ 55% ਵਾਲਾ ਨਵਾਂ ਅੜਿੱਕਾ ਲਗਾ ਕੇ ਹਜ਼ਾਰਾਂ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਨੂੰ ਰੱਦੀ ਕੀਤਾ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਲੈਕਚਰਾਰਾਂ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਦੌਰਾਨ ਇਤਿਹਾਸ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸਤਰ ਵਿਸ਼ਿਆਂ ਲਈ ਬੀ ਐੱਡ ਵਿੱਚ ਟੀਚਿੰਗ ਆਫ ਸੋਸ਼ਲ ਸਟੱਡੀਜ਼ (ਸਮਾਜਿਕ ਸਿੱਖਿਆ) ਨੂੰ ਯੋਗ ਨਾ ਮੰਨਣ ਕਾਰਨ ਹਜਾਰਾਂ ਬੇਰੁਜ਼ਗਾਰ ਅਧਿਆਪਕਾਂ ਵਿੱਚ ਵਿਆਪਕ ਬੇਚੈਨੀ ਪਾਈ ਜਾ ਰਹੀ ਹੈ। ਜਦੋਂ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਭਰਤੀਆਂ ਵਿੱਚ ਟੀਚਿੰਗ ਆਫ ਸੋਸ਼ਲ ਸਟੱਡੀਜ਼ ਨੂੰ ਲੈਕਚਰਾਰ ਭਰਤੀ ਲਈ ਯੋਗ ਮੰਨਿਆ ਜਾਂਦਾ ਰਿਹਾ ਹੈ। ਦਰਅਸਲ ਬੀ.ਐੱਡ. ਦੌਰਾਨ ਜ਼ਿਆਦਾਤਰ ਵਿਦਿਆਰਥੀ ਇਸੇ ਟੀਚਿੰਗ ਵਿਸ਼ੇ ਵਿਚ ਸਿੱਖਿਆ ਪ੍ਰਾਪਤ ਕਰਦੇ ਹਨ।
ਇਸ ਮੌਕੇ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਭਰਤੀ ਲਈ ਮਿਤੀ 8 ਜਨਵਰੀ 2022 ਨੂੰ ਜਾਰੀ ਇਸ਼ਤਿਹਾਰ ਅਨੁਸਾਰ ਇਤਿਹਾਸ, ਰਾਜਨੀਤੀ ਸਾਸ਼ਤਰ ਅਤੇ ਅਰਥ ਸਾਸ਼ਤਰ ਦੇ ਲੈਕਚਰਾਰ ਲਈ ਯੋਗਤਾ ਸੰਬੰਧਿਤ ਵਿਸ਼ੇ ਨਾਲ ਐੱਮ.ਏ. 55%, ਬੀ.ਐੱਡ ਵਿੱਚ ਟੀਚਿੰਗ ਵਿਸ਼ੇ ਵਿੱਚ ਸੰਬੰਧਿਤ ਵਿਸ਼ਿਆਂ ਨੂੰ ਹੀ ਯੋਗ ਸਮਝਿਆ ਜਾਵੇਗਾ ਪ੍ਰੰਤੂ ਸਾਲ 2017 ਤੋਂ ਪਹਿਲਾਂ ਬੀ ਐੱਡ ਵਿੱਚ ਟੀਚਿੰਗ ਵਿਸ਼ਾ ਸੋਸ਼ਲ ਸਟੱਡੀਜ਼ ਵੀ ਹੁੰਦਾ ਸੀ ਅਤੇ ਪੰਜਾਬ ਵਿੱਚ ਸਥਿਤ ਵਿਦਿਆਲਿਆਂ ਵਿੱਚ ਹੁਣ ਵੀ ਸੋਸ਼ਲ ਸਟੱਡੀਜ਼ ਨੂੰ ਯੋਗ ਮੰਨਿਆ ਜਾਂਦਾ ਹੈ।
ਰਿਚਾ ਸ਼ਰਮਾ ਨੇ ਕਿਹਾ ਕਿ ਵਾਰ-ਵਾਰ ਜਦੋਂ ਵੀ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗਾਂ ਕੀਤੀਆਂ ਗਈਆਂ ਤਾਂ ਉਹਨਾਂ ਵੱਲੋਂ ਜਲਦੀ ਤੋਂ ਜਲਦੀ ਇਸ ਮਸਲੇ ਦਾ ਯੋਗ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵਲੋਂ ਲੈਕਚਰਾਰ ਭਰਤੀ ਵਿੱਚ ਬੀ.ਐੱਡ ਦੇ ਟੀਚਿੰਗ ਵਿਸ਼ਿਆਂ ਵਿੱਚ ਸਬੰਧਤ ਉਪ-ਵਿਸ਼ਿਆਂ ਦੇ ਨਾਲ-ਨਾਲ ਸੋਸ਼ਲ ਸਟੱਡੀਜ਼ ਨੂੰ ਵੀ ਯੋਗ ਸਮਝਣ ਸਬੰਧੀ ਸੋਧ ਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਕੂਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਉਹਨਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਅਧਿਆਪਕਾਂ ਦੀ ਹੋਰ ਭਰਤੀ ਕਰੇ ਅਤੇ 55% ਵਾਲੀ ਸਰਤ ਤੁਰੰਤ ਖਤਮ ਕਰੇ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਉਪਰੋਕਤ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਤਾਂ 14 ਜਨਵਰੀ 2023 ਨੂੰ ਬੇਰੁਜ਼ਗਾਰ ਅਧਿਆਪਕ ਵੱਡੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ। ਇਸ ਸਭ ਲਈ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਜਿੰਮੇਵਾਰ ਹੋਵੇਗਾ। ਇਸ ਮੌਕੇ ਕੁਲਦੀਪ ਸਿੰਘ ਮੌੜ ਮੰਡੀ, ਪਰਮਵੀਰ ਸਿੰਘ, ਜਸ਼ਨਦੀਪ ਸਿੰਘ, ਪਰਮੇਸ਼ਰ ਸਿੰਘ, ਅਮ੍ਰਿਤਪਾਲ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ।