ਆਨਲਾਈਨ ਪੋਰਟਲ ’ਤੇ 31 ਜਨਵਰੀ ਤੱਕ ਕੀਤਾ ਜਾ ਸਕਦੈ ਬਿਨੈ
ਦਲਜੀਤ ਕੌਰ
ਸੰਗਰੂਰ, 12 ਜਨਵਰੀ, 2023: ਜਵਾਹਰ ਨਵੋਦਿਆ ਵਿਦਿਆਲਾ ਸਮਿਤੀ ਮੁੱਖ ਦਫ਼ਤਰ ਨੋਇਡਾ ਵੱਲੋਂ ਛੇਵੀਂ ਜਮਾਤ ਵਿੱਚ ਦਾਖਲਾ ਪ੍ਰੀਖਿਆ ਲਈ ਆਨਲਾਈਨ ਬਿਨੈ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਜੋ ਕਿ ਆਨਲਾਈਨ ਪੋਰਟਲ ’ਤੇ 31 ਜਨਵਰੀ 2023 ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਾਲ 2023-24 ਲਈ ਨਵੋਦਿਆ ਚੋਣ ਪ੍ਰੀਖਿਆ 29 ਅਪ੍ਰੈਲ 2023 ਨੂੰ ਹੋਵੇਗੀ।
ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਕੂਲਾਂ ਵਿਖੇ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਦਾਖਲਾ ਪ੍ਰੀਖਿਆ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋੜਵੰਦ ਵਿਦਿਆਰਥੀ ਇਸ ਦਾ ਲਾਭ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਨਲਾਈਨ ਫਾਰਮ ਭਰਨ ਬਾਰੇ ਸੁਚੇਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਮੁਫ਼ਤ ਰਜਿਸਟਰੇਸ਼ਨ ਕਰਵਾ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਚਾਹਵਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।