ਜ਼ੀਰਾ: 9 ਜਨਵਰੀ, ਦੇਸ਼ ਕਲਿੱਕ ਬਿਓਰੋ
ਫਿਰਜ਼ਪੁਰ ਜ਼ਿਲ੍ਹੇ ਦਾ ਜ਼ੀਰਾ ਇਲਾਕਾ ਅੱਜਕੱਲ ਸੁਰਖੀਆਂ ‘ਚ ਹੈ। ਪਹਿਲਾ ਇਸ ਕਰਕੇ ਕਿ ਜ਼ੀਰਾ ਸ਼ਰਾਬ ਫੈਕਟਰੀ ਖਿਲਾਫ ਕਿਸਾਨਾਂ ਦਾ ਛਰਨਾ ਆਪਣੇ ਜਲ, ਜ਼ਮੀਨ ਤੇ ਹਵਾ ਦੀ ਸ਼ੁੱਧਤਾ ਲਈ ਪੂਰੇ ਜੋਸ਼ ਖਰੋਸ ਨਾਲ ਚੱਲ ਰਿਹਾ ਹੈ। ਦੂਜਾ ਇਸੇ ਸ਼ਹਿਰ ਦੇ ਲੜਕੀਆਂ ਦੇ ਸ਼ਹੀਦ ਗੁਰਦਾਸ ਰਾਮ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਵਿਦਿਆਰਥਣਾਂ ਨੂੰ ਅੱਗੇ ਵੱਧਣ ਦੀ ਹੱਲਾਸ਼ੇਰੀ ਕਰਕੇ।
ਸਾਰੇ ਸਰਕਾਰੀ ਸਕੂਲਾਂ ਵਾਂਗ ਅੱਤ ਗਰੀਬੀ ਦੀ ਮਾਰ ਝੱਲਣ ਵਾਂਗ ਇਸ ਸਰਕਾਰੀ ਸਕੂਲ ਦੀਆਂ ਬੱਚੀਆਂ ਵੀ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੀ ਹਨ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੇ ਮਨ ‘ਚ ਬੱਚਿਆਂ ‘ਚ ਜ਼ਜ਼ਬਾ ਭਰਨ ਦੀ ਸਕੀਮ ਆਈ ਅਤੇ ਉਨ੍ਹਾਂ ਸਵੇਰ ਦੀ ਸਭਾ ਵਿੱਚ ਐਲਾਨ ਕਰ ਦਿੱਤਾ ਕਿ ਜਿਹੜਾ ਬੱਚਾ ਅੱਜ ਤੋਂ ਬਾਅਦ ਬੋਰਡ ਦੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ‘ਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿੱਚ ਥਾਂ ਲੈ ਲਵੇਗਾ, ਉਹ ਉਸਨੂੰ ਭਾਰਤ ‘ਚ ਕਿਸੇ ਵੀ ਸ਼ਹਿਰ ਦੀ ਹਵਾਈ ਜਹਾਜ਼ ਦੀ ਯਾਤਰਾ ਕਰਵਾਉਣਗੇ।
ਪ੍ਰਿੰਸੀਪਲ ਦੇ ਇਸ ਐਲਾਨ ਨੇ ਬੱਚਿਆਂ ਲਈ ਕੁਝ ਵੱਧ ਕਰਨ ਦਾ ਜਜ਼ਬਾ ਪੈਦਾ ਕਰ ਦਿੱਤਾ ਅਤੇ ਸਕੂਲ ਦੇ 4 ਬੱਚੇ ਮੈਰਿਟ ਲਿਸਟ ਵਿੱਚ ਆ ਗਏ। ਪਤਾ ਲੱਗਾ ਹੈ ਕਿ ਹੁਣ ਤੱਕ 22 ਬੱਚੇ ਮੈਰਿਟ ਲਿਸਟ ਵਿੱਚ ਆ ਗਏ ਹਨ ਅਤੇ ਪ੍ਰਿੰਸੀਪਲ ਨੇ ਵੀ ਆਪਣਾ ਵਾਅਦਾ ਪੂਰਾ ਕਰ ਦਿੱਤਾ। ਤਾਹੀਓਂ ਤਾਂ ਇਸ ਸਕੂਲ ਦੀ ਖਬਰ ਵੀ ਕਿਸੇ ਪੱਤਰਕਾਰ ਦੀ ਥਾਂ ਭਾਰਤ ਦੀ ਮੰਨੀ ਪ੍ਰਮੰਨੀ ਖਬਰ ਏਜ਼ੰਸੀ ਪੀ ਟੀ ਆਈ ਨੇ ਨਸ਼ਰ ਕੀਤੀ ਹੈ।