ਸਿੱਖਿਆ ਵਿਭਾਗ ਵਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਦੀ ਡੀਟੀਐੱਫ ਵੱਲੋਂ ਨਿਖੇਧੀ
ਦਲਜੀਤ ਕੌਰ
ਚੰਡੀਗੜ੍ਹ, 6 ਜਨਵਰੀ, 2023: ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਲੈਕਚਰਾਰਾਂ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਦੌਰਾਨ ਇਤਿਹਾਸ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸਤਰ ਵਿਸ਼ਿਆਂ ਲਈ ਬੀਐਡ ਵਿੱਚ ਟੀਚਿੰਗ ਆਫ ਸੋਸ਼ਲ ਸਟੱਡੀਜ਼ (ਸਮਾਜਿਕ ਸਿੱਖਿਆ) ਨੂੰ ਯੋਗ ਨਾ ਮੰਨਣ ਕਾਰਨ ਹਜਾਰਾਂ ਬੇਰੁਜ਼ਗਾਰ ਅਧਿਆਪਕਾਂ ਵਿਚ ਵਿਆਪਕ ਬੇਚੈਨੀ ਪਾਈ ਜਾ ਰਹੀ ਹੈ। ਜਦ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਭਰਤੀਆਂ ਵਿੱਚ ਟੀਚਿੰਗ ਆਫ ਸੋਸ਼ਲ ਸਟੱਡੀਜ਼ ਨੂੰ ਲੈਕਚਰਾਰ ਭਰਤੀ ਲਈ ਯੋਗ ਮੰਨਿਆ ਜਾਂਦਾ ਰਿਹਾ ਹੈ। ਦਰਅਸਲ ਬੀ.ਐਡ. ਦੌਰਾਨ ਜ਼ਿਆਦਾਤਰ ਵਿਦਿਆਰਥੀ ਇਸੇ ਟੀਚਿੰਗ ਵਿਸ਼ੇ ਵਿਚ ਸਿੱਖਿਆ ਪ੍ਰਾਪਤ ਹਨ ਜਿਸ ਕਾਰਨ ਸਿੱਖਿਆ ਵਿਭਾਗ ਦੇ ਫ਼ੈਸਲੇ ਨੇ ਇਨ੍ਹਾਂ ਬੇਰੁਜ਼ਗਾਰਾਂ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਭਰਤੀ ਲਈ ਮਿਤੀ 8 ਜਨਵਰੀ 2022 ਨੂੰ ਜਾਰੀ ਇਸ਼ਤਿਹਾਰ ਅਨੁਸਾਰ ਇਤਿਹਾਸ, ਰਾਜਨੀਤੀ ਸਾਸ਼ਤਰ ਅਤੇ ਅਰਥ ਸਾਸ਼ਤਰ ਦੇ ਲੈਕਚਰਾਰ ਲਈ ਯੋਗਤਾ ਸੰਬੰਧਿਤ ਵਿਸ਼ੇ ਨਾਲ ਐਮ.ਏ. 55%, ਬੀ.ਐੱਡ ਵਿੱਚ ਟੀਚਿੰਗ ਵਿਸ਼ੇ ਵਿੱਚ ਸੰਬੰਧਿਤ ਵਿਸ਼ਿਆਂ ਨੂੰ ਹੀ ਯੋਗ ਸਮਝਿਆ ਜਾਵੇਗਾ। ਪ੍ਰੰਤੂ ਸਾਲ 2017 ਤੋਂ ਪਹਿਲਾਂ ਬੀ ਐੱਡ ਵਿੱਚ ਟੀਚਿੰਗ ਵਿਸ਼ਾ ਸੋਸ਼ਲ ਸਟੱਡੀਜ਼ ਵੀ ਹੁੰਦਾ ਸੀ। ਉਹਨਾਂ ਕਿਹਾ ਕਿ ਲੈਕਚਰਾਰ ਭਰਤੀ ਦੇ ਵਿਗਿਆਪਨ ਨੰਬਰ: ਐਲ.ਸੀ./0007/2015 ਅਤੇ ਵਿਗਿਆਪਨ ਨੰਬਰ: 08-21(I)/2021RD (7)/2021/297517 ਅਨੁਸਾਰ ਹੋਈਆਂ ਭਰਤੀਆਂ ਵਿੱਚ ਵੀ ਬੀ.ਐੱਡ ਵਿੱਚ ਟੀਚਿੰਗ ਵਿਸ਼ਾ ਸੋਸ਼ਲ ਸਟੱਡੀਜ਼ ਨੂੰ ਵੀ ਯੋਗ ਮੰਨਿਆ ਗਿਆ ਸੀ।
ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਬੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜੀਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਹੋਈ ਗੱਲਬਾਤ ਦੌਰਾਨ ਯੋਗ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਸਿੱਖਿਆ ਵਿਭਾਗ ਵਲੋਂ ਲੈਕਚਰਾਰ ਭਰਤੀ ਵਿੱਚ ਬੀ.ਐੱਡ ਦੇ ਟੀਚਿੰਗ ਵਿਸ਼ਿਆਂ ਵਿੱਚ ਸਬੰਧਤ ਉਪ-ਵਿਸ਼ਿਆਂ ਦੇ ਨਾਲ-ਨਾਲ ਸੋਸ਼ਲ ਸਟੱਡੀਜ਼ ਨੂੰ ਵੀ ਯੋਗ ਸਮਝਣ ਸਬੰਧੀ ਸੋਧ ਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਕੂਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।