ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਦਲਜੀਤ ਕੌਰ
ਸੰਗਰੂਰ, 9 ਦਸੰਬਰ, 2022: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਵਿਖੇ ਇਕ ਸਿੱਖਿਆਦਾਇਕ, ਜਾਣਕਾਰੀ ਭਰਪੂਰ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ। ਪ੍ਰਿੰਸੀਪਲ ਹਰਦੇਵ ਕੁਮਾਰ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਤਰਕਸ਼ੀਲਤਾ ਤੇ ਵਿਗਿਆਨਕ ਨਜ਼ਰੀਏ ਬਾਰੇ ਤਰਕਸ਼ੀਲ ਸੁਸਾਇਟੀ ਵਲੋਂ ਕਰਵਾਈ ਚੇਤਨਾ ਪਰਖ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ, ਚਰਨ ਕਮਲ ਸਿੰਘ ਤੇ ਪ੍ਰਗਟ ਸਿੰਘ ਬਾਲੀਆਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧ- ਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ। ਉਨਾਂ ਕਿਹਾ ਕਿ ਵਿਗਿਆਨਕ ਤੌਰ ਤੇ ਜਾਗਰੂਕ ਹੋ ਕੇ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਿੰਮਤ, ਲਗਨ, ਸਿੱਖਣ ਵਿੱਚ ਲਗਾਤਾਰਤਾ ਰੱਖ ਕੇ ਕੀ, ਕਿਉਂ ਕਿਵੇਂ, ਕਿੱਥੇੇ ,ਕਦੋਂ ਆਦਿ ਗੁਣ, ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣਨ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ ਭਾਵਪੂਰਨ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ ਦਾ ਦੀਵਾ ਬਾਲਣਾ ਹੀ ਚੇਤਨਾ ਪਰਖ ਪ੍ਰੀਖਿਆ ਦਾ ਉਦੇਸ਼ ਹੈ। ਇਸ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਹਰਦੇਵ ਕੁਮਾਰ, ਮੈਡਮ ਨਵਨੀਤ ਕੌਰ, ਮੈਡਮ ਕੁਲਜੀਤ ਕੌਰ ਤੇ ਮਾਸਟਰ ਕੁਲਜੀਤ ਸਿੰਘ ਨੂੰ ਵੀ ਪ੍ਰੀਖਿਆ ਵਿੱਚ ਸਹਿਯੋਗ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਬਲਵਿੰਦਰ ਸਿੰਘ, ਰਾਮ ਲਾਲ, ਨਵਨੀਤ ਕੌਰ, ਰੇਨੂੰ ਗੁਪਤਾ, ਪਰਮਿੰਦਰਜੀਤ ਕੌਰ, ਗੁਰਤੇਗ ਕੌਰ, ਕਰਮਜੀਤ ਕੌਰ, ਜਗਦੀਪ ਕੌਰ, ਨਵਨੀਤ ਕੌਰ, ਮਨਪ੍ਰੀਤ ਸਿੰਘ, ਰੀਤਿਕਾ , ਨਰਿੰਦਰ ਸਿੰਘ, ਹਰਜੀਤ ਸਿੰਘ, ਚਰਨਜੀਤ ਕੌਰ, ਰਾਜਵਿੰਦਰ ਕੌਰ ਤੇ ਪਰਮਜੀਤ ਕੌਰ ਅਧਿਆਪਕ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਲਾਹੇਵੰਦ ਹੋ ਨਿਬੜਿਆ।