ਮੋਰਿੰਡਾ , 6 ਦਸੰਬਰ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 65ਵੀਂ ਰਾਸ਼ਟਰੀ ਸੂਟਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ । ਇਹ ਮੁਕਾਬਲੇ ਮੱਧ ਪ੍ਰਦੇਸ਼ ਸਟੇਟ ਸੂਟਿੰਗ ਅਕਾਦਮੀ ਭੋਪਾਲ ਵਿਖੇ ਹੋਏ । ਕਾਲਜ ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪਿਸਟਲ ਸੂਟਿੰਗ ਦੇ ਵੱਖ ਵੱਖ ਮੁਕਾਬਲਿਆਂ ਦੌਰਾਨ ਵਿਅਕਤੀਗਤ ਤੌਰ ਤੇ ਦੋ ਸੋਨੇ ਦੇ ਤਮਗੇ ਅਤੇ ਟੀਮ ਪੱਧਰ ਤੇ ਦੋ ਸੋਨੇ ਦੇ ਸਮੇਤ ਇੱਕ ਚਾਂਦੀ ਦਾ ਤਗਮਾ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਉਕਤ ਵਿਦਿਆਰਥਣ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ । ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ , ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਵੀ ਉਕਤ ਵਿਦਿਆਰਥਣ ਅਤੇ ਕੋਚਿੰਗ ਦੇਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਡਾ ਮਮਤਾ ਅਰੋੜਾ, ਪ੍ਰੋ ਸੁਨੀਤਾ ਰਾਣੀ, ਪ੍ਰੋ ਪ੍ਰਿਤਪਾਲ ਸਿੰਘ ਅਤੇ ਪ੍ਰੋ ਅਮਰਜੀਤ ਸਿੰਘ ਆਦਿ ਹਾਜਰ ਸਨ ।