ਜਨਤਕ ਸਿੱਖਿਆ ਨੂੰ ਬਚਾਉਣ ਲਈ ਅਧਿਆਪਕ ਲਹਿਰ ਉਸਾਰਨਾ ਸਮੇਂ ਦੀ ਅਣਸਰਦੀ ਲੋੜ: ਦਿਗਵਿਜੇ
ਫਿਰੋਜ਼ਪੁਰ: 04 ਦਸੰਬਰ, ਦੇਸ਼ ਕਲਿੱਕ ਬਿਓਰੋ
ਡੈਮੋਕਰੈਟਿਕ ਟੀਚਰਜ਼ ਫਰੰਟ ਫਿਰੋਜ਼ਪੁਰ ਦੀ ਜ਼ਿਲ੍ਹਾ ਪ੍ਰਤੀਨਿੱਧ ਕੌਂਸਲ ਦਾ ਚੋਣ ਇਜਲਾਸ 04 ਦਸੰਬਰ, 2022 ਨੂੰ ਸਰਕਾਰੀ ਹਾਈ ਸਕੂਲ, ਸਤੀਏ ਵਾਲਾ ਵਿਖੇ ਹੋਇਆ, ਜਿਸ ਵਿੱਚ 35 ਮੈਂਬਰੀ ਜ਼ਿਲ੍ਹਾ ਪ੍ਰਤੀਨਿੱਧ ਕੌਸਲ ਦੇ ਮੈਂਬਰ ਹਾਜ਼ਰ ਹੋਏ। ਇਸ ਇਜਲਾਸ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਸ਼ੇਸ਼ ਅਬਜ਼ਰਵਰ ਦੇ ਤੌਰ ਤੇ ਹਾਜ਼ਰ ਹੋਏ | ਇਜਲਾਸ ਦੀ ਕਾਰਵਾਈ ਦਾ ਆਗਾਜ਼ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਦੀਪ ਸੰਧੂ ਨੇ ਜਥੇਬੰਦੀ ਦੇ ਵਿਧਾਨ ਚਾਨਣਾ ਪਾਇਆ ਅਤੇ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਜਿਸ 'ਤੇ ਹਾਊਸ ਵੱਲੋਂ ਖੁੱਲੀ ਵਿਚਾਰ ਚਰਚਾ ਕੀਤੀ ਗਈ। ਅਵਤਾਰ ਪੁਰੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤਾ ਗਿਆ।
ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ। ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸਾਬਕਾ ਜਿਲ੍ਹਾ ਪ੍ਰਧਾਨ ਰਾਜਦੀਪ ਸੰਧੂ ਵੱਲੋਂ ਬਲਰਾਮ ਸ਼ਰਮਾ ਦਾ ਨਾਂਅ ਪੇਸ਼ ਕੀਤਾ ਗਿਆ ਜਿਸਦੀ ਤਾਈਦ ਗੁਰਦੇਵ ਸਿੰਘ ਭਾਗੋਕੇ ਵੱਲੋਂ ਕੀਤੀ ਗਈ। ਜ਼ਿਲ੍ਹਾ ਸਕੱਤਰ ਲਈ ਉਡੀਕ ਚਾਵਲਾ ਨੇ ਰਾਜਦੀਪ ਸੰਧੂ ਦਾ ਨਾਂਅ ਪੇਸ਼ ਕੀਤਾ ਜਿਸਦੀ ਤਾਈਦ ਗਗਨ ਬਰਾੜ ਨੇ ਕੀਤੀ। ਦੋਹਾਂ ਅਹੁੱਦੇਦਾਰਾਂ ਨੂੰ ਸਮੁੱਚੀ ਕੌਂਸਲ ਵੱਲੋਂ ਨਿਰਵਿਰੋਧ ਚੁਣਿਆ ਗਿਆ। ਯਾਦ ਰਹੇ ਕਿ ਵਿਧਾਨਕ ਤੌਰ 'ਤੇ ਬਲਾਕਾਂ ਦੇ ਪ੍ਰਧਾਨ ਤੇ ਸਕੱਤਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਹੁੰਦੇ ਹਨ। ਇਸ ਲਈ ਉਕਤ ਚੋਣ ਉਪਰੰਤ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਆਪਣੇ ਵਿੱਚੋਂ ਬਾਕੀ ਪੰਜ ਅਹੁੱਦੇਦਾਰਾਂ ਵਜੋਂ ਯੁੱਧਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਉਡੀਕ ਚਾਵਲਾ ਨੂੰ ਮੀਤ ਪ੍ਰਧਾਨ, ਗੁਰਦੇਵ ਸਿੰਘ ਭਾਗੋਕੇ ਨੂੰ ਜਥੇਬੰਦਕ ਸਕੱਤਰ, ਗਗਨ ਬਰਾੜ ਨੂੰ ਵਿੱਤ ਸਕੱਤਰ ਅਤੇ ਅਜੈ ਕੁਮਾਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਇਜਲਾਸ ਨੂੰ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ, ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਡੀ.ਟੀ.ਐੱਫ਼. ਸੰਗਰੂਰ ਦੇ ਪੰਜ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਪਸ਼ੌਰੀਆ, ਯਾਦਵਿੰਦਰ ਧੂਰੀ ਤੇ ਪਰਵਿੰਦਰ ਉੱਭਾਵਾਲ ਦੀਆਂ ਮਾਨ ਸਰਕਾਰ ਵੱਲੋਂ ਕੀਤੀਆਂ ਜਬਰੀ ਬਦਲੀਆਂ ਤੇ ਨਜਾਇਜ਼ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਉੱਕਤ ਆਗੂਆਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਸਜ਼ਾ ਦਿੱਤੀ ਹੈ ਅਤੇ ਜਮਹੂਰੀਅਤ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਨਤਕ ਸਿੱਖਿਆ ਤੇ ਹਕੂਕ ਮਹਿਫੂਜ ਰੱਖਣੇ ਹਨ ਤਾਂ ਵਿਸ਼ਾਲ ਅਧਿਆਪਕ ਲਹਿਰ ਉਸਾਰਨੀ ਪਵੇਗੀ ਜਿਸ ਬਿਨਾਂ ਅਜੋਕੇ ਵਖ਼ਤ ਵਿੱਚ ਕੋਈ ਵੀ ਬੰਦ ਖਲਾਸੀ ਨਹੀਂ ਹੋਣੀ। ਪ੍ਰਤੀਨਿੱਧ ਕੌਂਸਲ ਵੱਲੋਂ ਸਰਕਾਰ ਖਿਲਾਫ ਨਿਖੇਧੀ ਮਤਾ ਪਾਸ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪੰਜੇ ਆਗੂਆਂ 'ਤੇ ਦਰਜ ਪਰਚੇ ਰੱਦ ਨਾ ਕੀਤੇ ਤਾਂ ਸਰਕਾਰ ਖਿਲਾਫ਼ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਰਕਾਰ ਤੋਂ ਛੇਵਾਂ ਪੇਅ ਕਮਿਸ਼ਨ ਪੂਰਨ ਤੌਰ 'ਤੇ ਲਾਗੂ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਅਤੇ ਨੋਟੀਫਿਕੇਸ਼ਨ ਦਾ ਘੇਰਾ ਵਧਾਉਣ, ਸਾਰੇ ਭੱਤੇ ਬਹਾਲ ਕਰਨ ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਇਜਲਾਸ ਵਿੱਚ ਜਥੇਬੰਦੀ ਦੇ ਆਗੂ ਡਾ. ਜਸਕਰਨ ਸਿੰਘ, ਗੁਰਮੀਤ ਸਿੰਘ, ਵਿਸ਼ਾਲ ਸਹਿਗਲ, ਰਮਾਕਾਂਤ ਯਾਦਵ, ਮਹਿਤਾਬ ਸਿੰਘ, ਯੋਗੇਸ਼ ਨਾਇਰ, ਅਰਵਿੰਦ ਬਿਸ਼ਨੋਈ, ਸਤੀਸ਼ ਕੁਮਾਰ, ਸਮੀਰ ਅਰੋੜਾ, ਜਗਬੀਰ ਸਿੰਘ, ਸੁਖਵਿੰਦਰ ਗੁਲਾਟੀ, ਸੰਤੋਖ ਸਿੰਘ, ਉਡੀਕ ਚੰਦ, ਓਮ ਪ੍ਰਕਾਸ਼, ਗਗਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਪ੍ਰਤਾਪ ਸਿੰਘ, ਦਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਨਵਿੰਦਰ ਕੁਮਾਰ, ਵਿਨਯ ਸਚਦੇਵਾ, ਲਖਵੀਰ ਸਿੰਘ, ਸੁਨੀਲ ਕੁਮਾਰ, ਅਮਨਦੀਪ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਕਾਸ ਕੁਮਾਰ, ਹਿਰਦੇ ਨੰਦ, ਸੁਮਿਤ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ। ਅਖੀਰ ਵਿੱਚ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ ਵੱਲੋਂ ਇਜਲਾਸ ਵਿੱਚ ਹਾਜਰ ਕੌਂਸਲ ਮੈਂਬਰ ਸਹਿਬਾਨ ਅਤੇ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਦਾ ਧੰਨਵਾਦ ਕੀਤਾ।