ਮੋਰਿੰਡਾ 4 ਦਸੰਬਰ ( ਭਟੋਆ )
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਉੱਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕੇ ਦੇ 233 ਬੂਥਾਂ ਉੱਤੇ ਵਿਸ਼ੇਸ਼ ਕੈਂਪ ਲਾਏ ਗਏ ।
ਇਸ ਦੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਨਵੇਂ ਬਣ ਰਹੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਸਮਾਗਮ ਰਚਾਏ ਗਏ। ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥਣਾਂ ਦੇ ਮਹਿੰਦੀ, ਪੋਸਟਰ , ਸਲੋਗਨ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ , ਜਿਸ ਵਿੱਚ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਇਸ ਮੌਕੇ ਤਹਿਸੀਲਦਾਰ ਸ. ਗਰਮੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਵੋਟਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਪ੍ਰੇਰਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵੋਟ ਪ੍ਰਣਾਲੀ ਬਾਰੇ ਜਾਣੂੰ ਕਰਵਾਉਂਦਿਆਂ ਸਾਰਿਆਂ ਨੂੰ ਇਸ ਪ੍ਰਕ੍ਰਿਆ ਨਾਲ਼ ਜੁੜਨ ਦਾ ਸੱਦਾ ਦਿੱਤਾ । ਮਹਿੰਦੀ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ, ਸੁਮਨਜੋਤ ਕੌਰ, ਸਨੇਹਾ, ਪੋਸਟਰ ਅਤੇ ਸਲੋਗਨ ਮੁਕਾਬਲੇ ਵਿੱਚ ਸਿਮਰਨਜੀਤ ਕੌਰ, ਕਮਲਪ੍ਰੀਤ ਕੌਰ, ਸੋਪਨਪ੍ਰੀਤ ਕੌਰ, ਕਵਿਤਾ ਵਿੱਚ ਲਵਪ੍ਰੀਤ ਕੌਰ, ਅਤੇ ਭਾਸ਼ਣ ਮੁਕਾਬਲੇ ਵਿੱਚ ਕਾਜਲ ਜੇਤੂ ਰਹੀਆਂ । ਇਸ ਮੌਕੇ ਤੇ ਵਿਦਿਆਰਥਣ ਸੰਧਲਾ ਨੇ ਖ਼ੂਬਸੂਰਤ ਗੀਤ ਗਾਇਆ । ਪ੍ਰੋਫੈਸਰ ਰਾਜਵਿੰਦਰ ਕੌਰ ਨੋਡਲ ਅਫ਼ਸਰ, ਪ੍ਰੋਫੈਸਰ ਹਰਵਿੰਦਰ ਕੌਰ, ਨਵਪ੍ਰੀਤ ਕੌਰ, ਜਸਵਿੰਦਰ ਕੌਰ, ਸਿਮਰਨ ਅਤੇ ਹਰਮਨਜੋਤ ਦੇ ਸੁਚੱਜੇ ਕਾਰਜਾਂ ਕਾਰਨ ਇਹ ਸਮਾਗਮ ਪ੍ਰਭਾਵਸ਼ਾਲੀ ਹੋ ਨਿੱਬੜਿਆ। ਇਸ ਤੋਂ ਇਲਾਵਾ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰ ਮਾਜਰਾ ਵਿੱਚ ਸ੍ਰੀ ਮਨਪ੍ਰੀਤ ਸਿੰਘ ਕਾਰਜਸਾਧਕ ਅਫ਼ਸਰ ਮੋਰਿੰਡਾ, ਸ੍ਰੀਮਤੀ ਹਰਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਰਿੰਡਾ, ਜੱਸ ਬਾਲਾ, ਰੋਮੀ ਸ਼ਰਮਾ ਅਤੇ ਹੋਰ ਨੋਡਲ ਅਫ਼ਸਰਾਂ ਨੇ ਸੁਚੱਜੇ ਢੰਗ ਨਾਲ਼ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ।