ਮੋਰਿੰਡਾ, 27 ਨਵੰਬਰ ( ਭਟੋਆ )
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੂਰ ਅਤੇ ਟਰੈਵਲ ਵਿਸ਼ੇ ਨਾਲ ਸਬੰਧਤ ਵਿਦਿਆਰਥਣਾਂ ਵੱਲੋਂ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਜੰਗ ਏ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦਾ ਵਿਦਿਅਕ ਦੌਰਾ ਕੀਤਾ । ਸਕੂਲ ਦੇ ਅਧਿਆਪਕਾਂ ਗੁਰਪ੍ਰੀਤ ਸਿੰਘ ਹੀਰਾ ਅਤੇ ਹਰਨੀਰ ਕੌਰ ਮਾਂਗਟ ਨੇ ਦੱਸਿਆ ਕਿ ਇਹ ਇੱਕ ਰੋਜ਼ਾ ਵਿਦਿਅਕ ਦੌਰਾ ਸਕੂਲ ਦੇ ਟੂਰ ਅਤੇ ਟਰੈਵਲ ਵਿਸ਼ੇ ਦੇ ਅਧਿਆਪਕ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਜੰਗ ਏ ਆਜ਼ਾਦੀ ਮੈਮੋਰੀਅਲ ਵਿਖੇ ਵਿਦਿਆਰਥਣਾਂ ਨੇ ਪੰਜਾਬ ਵੱਲੋਂ ਦੇਸ਼ ਦੇ ਆਜ਼ਾਦੀ ਵਿਚ ਨਿਭਾਈ ਅਹਿਮ ਭੂਮਿਕਾ, ਗਦਰ ਲਹਿਰ ਸਮੇਤ ਅਨੇਕਾਂ ਹੋਰ ਇਤਿਹਾਸਕ ਮਹੱਤਤਾ ਵਾਲੇ ਵਰਤਾਰਿਆਂ ਦੇ ਚਿੱਤਰ ਚਿੱਤਰਣ ਦੇ ਬਾਖੂਬੀ ਦਰਸ਼ਨ ਕੀਤੇ । ਉਨ੍ਹਾਂ ਦੱਸਿਆ ਕਿ ਗਾਈਡ ਅਧਿਆਪਕਾਂ ਵੱਲੋਂ ਵਿਦਿਆਰਥਣਾਂ ਨੂੰ ਨਾਲ ਦੀ ਨਾਲ ਹਰੇਕ ਘਟਨਾ ਦੇ ਇਤਿਹਾਸਕ ਅਤੇ ਸਮਾਜਿਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ । ਵਾਪਸੀ ਸਮੇਂ ਵਿਦਿਆਰਥਣਾਂ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਤੇ ਮਿਊਜੀਅਮ ਦਾ ਵੀ ਦੌਰਾ ਕਰਵਾਇਆ ਗਿਆ । ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕਿਤਾਬਾਂ ਵਿਚ ਪੜ੍ਹੇ ਪਾਠਕ੍ਰਮ ਨੂੰ ਇਸ ਅਤਿ ਆਧੁਨਿਕ ਤਰੀਕੇ ਨਾਲ ਚਿੱਤਰ ਚਿੱਤਰਣ ਦੇ ਰੂਪ ਵਿਚ ਵੇਖ ਕੇ ਸਬੰਧਤ ਇਤਿਹਾਸ ਸਦੀਵੀ ਰੂਪ ਵਿਚ ਉਨ੍ਹਾਂ ਦੇ ਮਨਾਂ ਅੰਦਰ ਵੱਸ ਗਿਆ ਹੈ । ਪ੍ਰਿੰਸੀਪਲ ਜਗਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਲਈਂ ਵਿਦਿਅਕ ਦੌਰਿਆਂ ਦਾ ਪ੍ਰਬੰਧ ਬਹੁਤ ਸਲਾਘਾਯੋਗ ਹੈ । ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸਕੂਲ ਦੀ ਹਰੇਕ ਜਮਾਤ ਦਾ ਵਿਦਿਅਕ ਦੌਰਾ ਕਰਵਾਉਣ ਲਈ ਠੋਸ ਯਤਨ ਕੀਤੇ ਜਾਣਗੇ । ਇਸ ਮੌਕੇ ਸੁਖਵਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਗੁਰਦੀਪ ਕੌਰ ਆਦਿ ਹਾਜਰ ਸਨ ।