ਵਿਦਿਆਰਥੀਆਂ ਨੇ ਜਸਟਿਸ ਰਿਤੂ ਬਾਹਰੀ, ਜਸਟਿਸ ਰਾਜ ਮੋਹਨ ਸਿੰਘ , ਜਸਟੀਸ ਹਰਸ਼ ਬੰਗਰ, ਮੁੱਖ ਸਕੱਤਰ, ਪੰਜਾਬ, ਵੀ.ਕੇ. ਜੰਜੂਆ ਨਾਲ ਗੱਲਬਾਤ ਕੀਤੀ
ਮੋਹਾਲੀ : 27 ਨਵੰਬਰ, ਦੇਸ਼ ਕਲਿੱਕ ਬਿਓਰੋ
73ਵੇਂ ਰਾਸ਼ਟਰੀ ਸੰਵਿਧਾਨ ਦਿਵਸ ਦੇ ਮੌਕੇ 'ਤੇ 'ਸਾਂਝੀ ਸਿੱਖੀਆ' ਅਤੇ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਸਹਿਯੋਗ ਨਾਲ "ਕਾਨੂੰਨ ਅਤੇ ਸਿੱਖਿਆ" ਵਿਸ਼ੇ 'ਤੇ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਐਲਐਲਬੀ ਅਤੇ ਬੀ.ਏ. ਐਲਐਲਬੀ ਦੇ ਵਿਦਿਆਰਥੀਆਂ ਨੇ ਕਾਨਫਰੰਸ ਵਿੱਚ ਭਾਗ ਲਿਆ। ਕਾਨਫਰੰਸ ਦੀ ਸ਼ੁਰੂਆਤ ਪ੍ਰਸਤਾਵਨਾ ਦੇ ਪਾਠ ਨਾਲ ਹੋਈ।
ਜਸਟਿਸ ਰਿਤੂ ਬਾਹਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ; ਜਸਟਿਸ ਰਾਜ ਮੋਹਨ ਸਿੰਘ; ਜਸਟੀਸ ਹਰਸ਼ ਬੈਂਗਰ; ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਵੀ.ਕੇ ਜੰਜੂਆ; ਸੀਨੀਅਰ ਐਡਵੋਕੇਟ ਰੀਟਾ ਕੋਹਲੀ; ਸਾਬਕਾ ਪ੍ਰਧਾਨ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਸ਼੍ਰੀਮਤੀ ਪੱਲਵੀ ਠਾਕੁਰ ਆਦਿ ਇਸ ਮੌਕੇ 'ਤੇ ਹਾਜਰ ਹੋਏ ਅਤੇ ਭਾਰਤ ਦੇ ਸੰਵਿਧਾਨ ਦੀ 73ਵੀਂ ਸੋਧ ਨੂੰ ਸਾਕਾਰ ਕਰਨ ਲਈ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਚੇਅਰਮੈਨ ਬਾਰ ਕੌਂਸਲ, ਸੁਵੀਰ ਸਿੱਧੂ ਸਕੱਤਰ, ਗੁਰਤੇਜ ਸਿੰਘ ਮੀਤ ਚੇਅਰਮੈਨ, ਚੰਦਰ ਮੋਹਨ ਮੁੰਜਾਲ, ਲੇਖ ਰਾਜ ਸ਼ਰਮਾ, ਬਲਜਿੰਦਰ ਸਿੰਘ ਸੋਨੀ, ਕਰਨਜੀਤ ਸਿੰਘ, ਹਰਗੋਬਿੰਦ ਗਿੱਲ, ਅਸ਼ੋਕ ਸਿੰਗਲਾ ਆਦਿ ਵੀ ਹਾਜ਼ਰ ਸਨ।
ਜਸਟਿਸ ਬਾਹਰੀ ਨੇ ਕਿਹਾ ਕਿ ਸਾਨੂੰ ਬੁਨਿਆਦੀ ਕਾਨੂੰਨੀ ਗਿਆਨ ਨੂੰ ਸਮਝ ਕੇ ਕਾਨੂੰਨੀ ਤੌਰ 'ਤੇ ਜਾਗਰੂਕ ਨਾਗਰਿਕ ਬਣਨ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਜਸਟਿਸ ਸਿੰਘ ਨੇ ਕਾਨੂੰਨੀ ਸਹਾਇਤਾ ਅਤੇ ਮੁੱਢਲੀ ਕਾਨੂੰਨੀ ਸਮਝ ਬਾਰੇ ਵੀ ਚਾਨਣਾ ਪਾਇਆ। ਜਸਟਿਸ ਬੈਂਗਰ ਨੇ ਸ਼ਾਸਨ ਦੇ ਵੱਖ-ਵੱਖ ਰੂਪਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਲੋਕਤੰਤਰ ਸ਼ਾਸਨ ਦਾ ਸਰਵੋਤਮ ਰੂਪ ਹੈ ਅਤੇ ਇਸ ਨੂੰ ਸੰਵਿਧਾਨ ਦੁਆਰਾ ਹੀ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਸੱਭਿਅਕ ਸੰਸਾਰ ਵਿੱਚ ਰਹਿ ਰਹੇ ਹਾਂ ਅਤੇ ਸਾਨੂੰ ਆਪਣੇ ਸੰਵਿਧਾਨ ਦੀ ਪਾਲਣਾ ਕਰਨ ਦੀ ਲੋੜ ਹੈ ।
ਸੰਵਿਧਾਨ ਦਿਵਸ ਸਾਡੇ ਦੇਸ਼ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ, ਜੋ ਕਿ 26 ਜਨਵਰੀ 1950 ਤੋਂ ਲਾਗੂ ਹੋਇਆ।