ਯੂਨੀਵਰਸਟੀ ਕਾਲਜ ਬੇਨੜਾ 'ਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਕੀਤੀ ਜਾਵੇਗੀ ਲਾਮਬੰਦੀ
ਦਲਜੀਤ ਕੌਰ
ਧੂਰੀ, 24 ਨਵੰਬਰ, 2022: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੁਖਦੀਪ ਹਥਨ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਵਿਦਿਆਰਥੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨਾਲ ਸਬੰਧਤ ਮਸਲਿਆਂ ਤੇ ਮੰਗਾਂ ਉੱਪਰ ਚਰਚਾ ਕੀਤੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਦੀ ਲੁੱਟ ਕਰ ਰਹੀ ਹੈ ਸਿੱਖਿਆ ਦੇ ਸਬੰਧ ਵਿੱਚ ਉਹ ਨਿੱਜੀਕਰਨ ਦਾ ਅਤੇ ਭਗਵੇਂਕਰਨ ਦਾ ਏਜੰਡਾ ਲਾਗੂ ਕਰ ਰਹੀ ਹੈ ਵਿਦਿਆਰਥੀਆਂ ਤੋਂ ਲੈ ਕੇ ਜਾ ਰਹੀ ਹੈ। ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਫ਼ੀਸਾਂ ਤੇ ਫੰਡਾਂ ਵਿਚ ਹਰ ਵਾਰ ਵਾਧਾ ਹੁੰਦਾ ਹੈ। ਮਿਹਨਤਕਸ਼ ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚਿਆਂ ਤੋਂ ਸਿੱਖਿਆ ਦੂਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਲੁੱਟ ਦੇ ਖਿਲਾਫ ਅੱਜ ਲਾਮਬੰਦ ਹੋਣ ਦੀ ਜ਼ਰੂਰਤ ਹੈ।
ਵਿਦਿਆਰਥੀਆਂ ਦੀ ਇਸ ਮੀਟਿੰਗ ਉਪਰੰਤ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਹਰਮਨ ਪੁੰਨਾਵਾਲ ਨੂੰ ਪ੍ਰਧਾਨ, ਤਰਨਪ੍ਰੀਤ ਸਿੰਘ ਨੂੰ ਸਕੱਤਰ, ਗੁਰਦੀਪ ਸਿੰਘ ਨੂੰ ਖਜਾਨਚੀ, ਮਨਪ੍ਰੀਤ ਸਿੰਘ ਨੂੰ ਪ੍ਰਚਾਰ ਸਕੱਤਰ ਤੋਂ ਇਲਾਵਾ ਰਮਨਦੀਪ ਸਿੰਘ ਜਹਾਂਗੀਰ, ਰਵਿੰਦਰ ਸਿੰਘ, ਗੁਰਦਾਸ ਸਿੰਘ, ਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਬੀਰਬਲ ਸਿੰਘ, ਸੁਖਦੀਪ ਹਥਨ, ਅਤੇ ਸਿਮਰਨ ਸਿੰਘ ਬਾਲੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
ਉਪਰੋਕਤ ਕਮੇਟੀ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਕੋਲ ਬੱਸਾਂ ਰੋਕਣ, ਵਿਦਿਆਰਥਣਾਂ ਦੇ ਪਖਾਨਿਆਂ ਦੇ ਦਰਵਾਜੇ ਦੀ ਮੁਰੰਮਤ, ਕਾਲਜ ਲਾਇਬਰੇਰੀ ਵਿੱਚ ਅਖਬਾਰਾਂ ਉਪਲਬਧ ਕਰਵਾਉਣ, ਕਾਲਜ ਵਿੱਚ ਕੰਟੀਨ ਬਣਾਉਣ ਅਤੇ ਬੱਸ ਪਾਸ ਕਾਲਜ ਵਿੱਚ ਬਣਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।