ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 24 ਨਵੰਬਰ, 2022: ਸਥਾਨਕ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ਼ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀ ਮੰਗਾਂ ਮਸਲਿਆਂ ਤੇ ਰੈਲੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵਿੱਚ ਜੱਥੇਬੰਦੀ ਦੁਆਰਾ ਜਾਰੀ ਕੀਤੀ ਸਰਗਰਮੀ ਰਿਪੋਰਟਾਂ ਵੰਡੀਆਂ ਗਈਆਂ।
ਰੈਲੀ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਸਿੱਖਿਆ ਦਾ ਲਗਾਤਾਰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਵਿੱਦਿਅਕ ਸੰਸਥਾਵਾਂ ਵਿੱਚ ਸਹੂਲਤਾਂ ਦੀ ਦੁਰਗਤ ਕੀਤੀ ਜਾ ਰਹੀ ਹੈ। ਸਰਕਾਰੀ ਕਾਲਜਾਂ ਵਿੱਚ ਸੁਸਾਇਟੀਆ ਬਣਾ ਕੇ ਪ੍ਰਾਈਵੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੈ। ਹਰ ਸਾਲ ਫ਼ੀਸਾਂ ਵਿਚ ਵਾਧਾ ਕਰਨ ਦੀ ਨੀਤੀਆਂ ਤੇ ਚਲਿਆ ਜਾ ਰਿਹਾ ਹੈ। ਪ੍ਰੋਫੈਸਰਾਂ ਦੀ ਪੱਕੀ ਭਰਤੀ ਨਹੀ ਕੀਤੀ ਜਾ ਰਹੀ। ਚੰਨੀ ਸਰਕਾਰ ਦੁਆਰਾ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾ ਦੀ ਕੱਢੀਆਂ ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪੀਟੀਏ ਫੰਡ ਦੇ ਨਾਮ 'ਤੇ ਕਰੋੜਾਂ ਰੁਪਏ ਇੱਕਤਰ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਇਸ ਕਾਲਜ ਵਿੱਚ ਬਾਥਰੂਮਾਂ ਦੀ ਸਫਾਈ ਦਾ ਬਹੁਤ ਬੁਰਾ ਹਾਲ ਹੈ।
ਵਿਦਿਆਰਥੀ ਆਗੂ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਜੱਥੇਬੰਦ ਹੋਣ ਦਾ ਸੱਦਾ ਦਿੱਤਾ। ਅਖੀਰ ਵਿੱਚ ਵਿਦਿਆਰਥੀਆਂ 'ਚ ਸਰਗਰਮੀ ਰਿਪੋਰਟਾਂ ਵੰਡੀਆਂ ਗਈਆਂ। ਇਸ ਮੌਕੇ ਮਨਪ੍ਰੀਤ ਸਿੰਘ, ਸ਼ੈਟੀ ਕਾਲਬੰਜਾਰਾ, ਗਗਨ, ਹੈਰੀ ਖੇਤਲਾ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।