ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 22 ਨਵੰਬਰ, 2022: ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਸੰਗਰੂਰ ਵੱਲੋਂ ਝੂਠੀ ਸ਼ਿਕਾਇਤ ਦੇ ਆਧਾਰ ਤੇ ਕੁਝ ਸਕੂਲ ਅਧਿਆਪਕਾਂ ਖਿਲਾਫ਼ ਮਾਮਲਾ ਦਰਜ ਕਰਨ ਅਤੇ ਬਿਨ੍ਹਾਂ ਜਾਂਚ ਪੜ੍ਹਤਾਲ ਕੀਤੇ ਉਨ੍ਹਾਂ ਦੀਆਂ ਦੂਰ ਦੁਰਾਡੇ ਕੀਤੀਆਂ ਬਦਲੀਆਂ ਪ੍ਰਤੀ ਰੋਸ਼ ਵਜ਼ੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਦੀਆਂ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ, ਮਜ਼ਦੂਰ ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਪ੍ਰਦਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀ ਜਥੇਬੰਦੀ ਡੀ.ਟੀ.ਐੱਫ. ਸੰਗਰੂਰ ਲਗਾਤਾਰ ਜ਼ਿਲ੍ਹਾ ਸਿੱਖਿਆ ਅਫਸਰ ਪਾਸੋਂ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਲਈ ਯਤਨਸ਼ੀਲ ਸੀ। ਭਾਵੇਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਥੇਬੰਦੀ ਦੇ ਦਬਾਅ ਸਦਕਾ ਵਿੱਦਿਅਕ ਟੂਰਾਂ ਦੀਆਂ ਪ੍ਰਵਾਨਗੀਆਂ ਤਾਂ ਦੇ ਦਿੱਤੀਆਂ ਪਰੰਤੂ ਅਧਿਆਪਕ ਆਗੂਆਂ ਬਲਵੀਰ ਚੰਦ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ, ਦਾਤਾ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਧੂਰੀ, ਪਰਮਿੰਦਰ ਸਿੰਘ ਕੰਪਿਊਟਰ ਅਧਿਆਪਕ ਅਤੇ ਗੁਰਪ੍ਰੀਤ ਸਿੰਘ ਤੇ ਵੱਖ-ਵੱਖ ਧਾਰਾਵਾਂ ਅਧੀਨ ਐੱਫ. ਆਈ. ਆਰ. ਦਰਜ਼ ਕਰਵਾ ਦਿੱਤੀ। ਇਸਦਾ ਹਵਾਲਾ ਦੇ ਕੇ ਡੀ.ਪੀ.ਆਈ ਸੈਕੰਡਰੀ ਤੋਂ ਇਹਨਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕਰਵਾ ਦਿੱਤੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਦੇ ਕੈਮਿਸਟਰੀ ਦੇ ਲੈਕਚਰਾਰ ਸ਼੍ਰੀ ਦਾਤਾ ਸਿੰਘ ਦੀ ਬਦਲੀ ਵੀ ਇਸੇ ਲੜੀ ਵਿੱਚ ਬਾਘਾ ਪੁਰਾਣਾ ਵਿਖੇ ਕਰ ਦਿੱਤੀ ਹੈ। ਇਸ ਸੰਬੰਧੀ ਉਹਨਾਂ ਦੇ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਅੱਜ ਇਸ ਪੂਰੇ ਰੋਸ-ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ, ਡੀ.ਟੀ.ਐੱਫ. ਦੇ ਆਗੂ ਬਲਵੀਰ ਸਿੰਘ ਲ਼ੋਂਗੋਵਾਲ, ਗੁਰਮੇਲ ਸਿੰਘ ਬਖਸ਼ੀਵਾਲਾ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਵਿਸ਼ਵਕਾਂਤ, ਰਾਮਪਾਲ ਸ਼ਰਮਾਂ ਅਤੇ ਮੈਡਮ ਮੀਨਾਕਸ਼ੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮੰਗ ਕੀਤੀ ਕਿ ਮਿਹਨਤੀ ਤੇ ਸੁਹਿਰਦ ਅਧਿਆਪਕਾਂ ਤੇ ਬਣਾਏ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਨਜਾਇਜ ਬਦਲੀਆਂ ਰੱਦ ਕੀਤੀਆਂ ਜਾਣ। ਇਸ ਸਮੇਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ।