ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ
ਮੋਹਾਲੀ: 18 ਨਵੰਬਰ, ਦੇਸ਼ ਕਲਿੱਕ ਬਿਓਰੋ
ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਸੈਕਟਰ 67 ਦੇ ਲਰਨਿੰਗ ਪਾਥ ਸਕੂਲ ਵਿੱਚ 'ਇੰਸਪਾਇਰ ਐਵਾਰਡ' 2021-22 ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਕਰਵਾਈ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਵਿਭਾਗ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮ ਇੰਸਪਾਇਰ ਐਵਾਰਡ ਤਹਿਤ ਪਹਿਲਾਂ ਤੋਂ ਹੀ ਚੁਣਿੰਦਾ ਵਿਦਿਆਰਥੀਆਂ ਨੂੰ ਵਿਗਿਆਨਕ ਮਾਡਲ ਅਤੇ ਪ੍ਰੋਜੈਕਟ ਤਿਆਰ ਕਰਨ ਲਈ 10000/- ਪ੍ਰਤੀ ਵਿਦਿਆਰਥੀ ਪ੍ਰਾਪਤ ਹੋ ਚੁੱਕੀ ਹੈ,ਜਿਸ ਨਾਲ ਉਹਨਾਂ ਨੇ ਆਪਣੇ ਪ੍ਰੋਜੈਕਟ ਅਤੇ ਮਾਡਲਸ ਤਿਆਰ ਕੀਤੇ ਹੋਏ ਸਨ,ਜਿਨ੍ਹਾਂ ਦੀ ਇਹ ਪ੍ਰਦਰਸ਼ਨੀ ਇੱਥੇ ਲਗਾਈ ਗਈ ਸੀ। ਰੋਪੜ ਜ਼ਿਲ੍ਹੇ ਦੇ ਪੰਜ ਅਤੇ ਮੁਹਾਲੀ ਜ਼ਿਲ੍ਹੇ ਦੇ ਚੌਦਾਂ ਵਿਦਿਆਰਥੀਆਂ ਦੁਆਰਾ ਇਹ ਪ੍ਰਦਰਸ਼ਨੀ ਲਗਾਈ ਗਈ ਸੀ,ਜਿਸ ਵਿੱਚੋਂ ਜੱਜਮੈਂਟ ਟੀਮ (ਲੈਕਚਰਾਰ ਕੁਲਜੀਤ ਕੌਰ ਅਤੇ ਵੰਦਨਾ ਜ਼ਿਲ੍ਹਾ ਮੁਹਾਲੀ, ਰੁਪਿੰਦਰ ਕੌਰ ਰੋਪੜ) ਨੇ ਰੋਪੜ ਜ਼ਿਲ੍ਹੇ ਤੋਂ ਇੰਦਰਜੀਤ ਸਿੰਘ ਸਸਸਸ ਲੁਠੇੜੀ ਨੂੰ ਅਤੇ ਮੁਹਾਲੀ ਜ਼ਿਲ੍ਹੇ ਤੋਂ ਕੇਸ਼ਵ ਮਹਾਜਨ ਲਾਰੈਂਸ ਪਬਲਿਕ ਸਕੂਲ ਸੈਕਟਰ 51 ਨੂੰ ਸਰਵੋਤਮ ਚੁਣਿਆ ਹੈ। ਉਹਨਾਂ ਦੱਸਿਆ ਕਿ ਹਰ ਜ਼ਿਲ੍ਹੇ ਵਿੱਚੋਂ ਸਰਵੋਤਮ ਦਸ ਫੀਸਦ ਵਿਦਿਆਰਥੀਆਂ ਦੇ ਮਾਡਲਸ ਅਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਰਾਜ ਪੱਧਰ ਤੇ ਅਗਲੇ ਦਿਨਾਂ ਵਿੱਚ ਲਗਾਈ ਜਾਵੇਗੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਨੇ ਇਸ ਮੌਕੇ ਵਿਦਿਆਰਥੀਆਂ ਦੀ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਗੱਲਬਾਤ ਕੀਤੀ। ਇਸ ਮੌਕੇ ਡੀਐਮ ਸੰਜੀਵ ਭਨੋਟ ਬੱਚਿਆਂ ਨਾਲ ਪਹੁੰਚੇ ਅਧਿਆਪਕ ਤੇ ਮਾਪੇ ਹਾਜ਼ਰ ਸਨ।