ਐਨ.ਡੀ.ਏ. ਦੀ ਤਿਆਰੀ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੇਪਰਟਰੀ ਇੰਸਟੀਚਿਊਟ ਵਿਖੇ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮਾਨਸਾ, 17 ਨਵੰਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਬਿਊਰੋ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਭਰਤੀ ਦੇ ਮੌਕੇ ਮੁਹੱਈਆ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੇਪਰਟਰੀ ਇੰਸਟੀਚਿਊਟ ’ਚ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਐਨ.ਡੀ.ਏ (ਨੈਸ਼ਨਲ ਡਿਫੈਂਸ ਅਕੈਡਮੀ) ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਇਹ ਸੰਸਥਾ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਜੋ ਕਿ ਐਨ.ਡੀ.ਏ. ਦਾ ਇਮਤਿਹਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੌਰਾਨ ਪ੍ਰਾਰਥੀਆਂ ਨੂੰ 10+1 ਅਤੇ 10+2 ਦੀ ਪੜ੍ਹਾਈ ਨਾਨ-ਮੈਡੀਕਲ ਵਿੱਚ ਕਾਰਵਾਈ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੇਪਰੇਟਰੀ ਸੰਸਥਾ ਵਿੱਚ ਦਾਖਲਾ ਲੈਣ ਲਈ ਪ੍ਰਾਰਥੀ ਪੰਜਾਬ ਦਾ ਵਸਿੰਦਾ ਹੋਵੇ, ਦਸਵੀ ਕਲਾਸ ਦਾ ਵਿਦਿਆਰਥੀ ਹੋਵੇ, ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜਾਣ ਦਾ ਚਾਹਵਾਨ ਹੋਵੇ, ਉਸਦੀ ਉਮਰ ਸੀਮਾ 02 ਜੁਲਾਈ 2006 ਤੋਂ ਪਹਿਲਾ ਦੀ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਪ੍ਰਾਰਥੀਆਂ ਦਾ ਦਾਖਲਾ ਕਰਨ ਲਈ ਇਕ ਲਿਖਤੀ ਪੇਪਰ (Entrance Exam) 15 ਜਨਵਰੀ 2023 ਨੂੰ ਲਿਆ ਜਾਵੇਗਾ। ਸੰਸਥਾ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਰਜਿਸਟਰੇਸ਼ਨ ਲਈ ਪ੍ਰਾਰਥੀ ਇਸ ਸੰਸਥਾ ਦੀ ਵੈਬਸਾਈਟ www.afpipunjab.org ’ਤੇ ਵਿਜ਼ਟ ਕਰ ਸਕਦੇ ਹਨ।