ਵਿਦਿਅਕ ਅਦਾਰਿਆਂ ਵਿੱਚ ਵੋਟਰ ਜਾਗਰੂਕਤਾ ਬਾਰੇ ਕਰਵਾਏ ਜਾ ਰਹੇ ਹਨ ਮੁਕਾਬਲੇ
ਦਲਜੀਤ ਕੌਰ
ਸੰਗਰੂਰ, 15 ਨਵੰਬਰ 2022: ਜ਼ਿਲ੍ਹਾ ਸੰਗਰੂਰ ਦੇ ਵਿਦਿਅਕ ਅਦਾਰਿਆਂ ਵਿੱਚ ਸਵੀਪ ਤਹਿਤ ਗਤੀਵਿਧੀਆਂ ਹੌਲੀ ਹੌਲੀ ਜ਼ੋਰ ਫੜ ਰਹੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵਿਭਾਗੀ ਉਪਰਾਲੇ ਆਰੰਭ ਹੋ ਗਏ ਹਨ ਅਤੇ ਨੌਜਵਾਨ ਵਰਗ ਨੂੰ ਲਾਜ਼ਮੀ ਤੌਰ ’ਤੇ ਆਪਣੀ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਤਹਿਤ ਸਕੂਲੀ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟ ਪਾਉਣ ਬਾਰੇ ਪ੍ਰੇਰਨਾ ਪੈਦਾ ਕਰਨ ਵਾਲੇ ਚਿੱਤਰ ਬਣਾਉਣ, ਭਾਸ਼ਣ ਮੁਕਾਬਲੇ ਕਰਵਾਉਣ ਤੋਂ ਇਲਾਵਾ ਅਧਿਆਪਕਾਂ ਵੱਲੋਂ ਸਵੇਰ ਦੀਆਂ ਸਭਾਵਾਂ ਵਿੱਚ ਵਿਦਿਆਰਥੀਆਂ ਨੂੰ ਵੋਟ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਵਿੱਚ ਬਾਲਗਾਂ ਦੀ ਅਬਾਦੀ ਮੁਤਾਬਕ ਵੋਟ ਦੀ ਦਰ ਵਿੱਚ ਵੀ ਲੋੜੀਂਦਾ ਇਜਾਫ਼ਾ ਹੋ ਸਕੇ।
ਤਹਿਸੀਲਦਾਰ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਰਾਹੀਂ ਵੀ ਸਵੀਪ ਗਤੀਵਿਧੀਆਂ ਨਾਲ ਸਬੰਧਤ ਪ੍ਰੋਗਰਾਮ ਉਲੀਕਣ ਲਈ ਕੈਲੰਡਰ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਲੜੀਵਾਰ ਪ੍ਰੋਗਰਾਮ ਕਰਵਾਏ ਜਾ ਸਕਣ ਅਤੇ ਲੋਕਾਂ ਵਿੱਚ ਵੋਟਾਂ ਦੀ ਅਹਿਮੀਅਤ ਬਾਰੇ ਜਾਗਰੂਕਤਾ ਨੂੰ ਪੈਦਾ ਕੀਤਾ ਜਾ ਸਕੇ।