ਅਗਲੀ ਰਣਨੀਤੀ ਉਲੀਕਣ ਲਈ ਸਟੇਟ ਪੱਧਰ ਦੀ ਹੰਗਾਮੀ ਮੀਟਿੰਗ 17 ਨਵੰਬਰ ਨੂੰ
ਮੋਹਾਲੀ: 15 ਨਵੰਬਰ, ਜਸਵੀਰ ਸਿੰਘ ਗੋਸਲ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਬਾਡੀ ਦੀ ਇੱਕ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੌਜ਼ੂਦ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਸਹਿਬਾਨ ਵੱਲੋਂ 2018 ਦੇ ਸੇਵਾ ਨਿਯਮਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਗਈ ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਹਾਲਾਂਕਿ ਸਰਕਾਰ ਨੇ ਲੈਕਚਰਾਰ ਤੋਂ ਪ੍ਰਿੰਸੀਪਲ ਤਰੱਕੀਆ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਪ੍ਰੰਤੂ ਵਿਭਾਗ ਵਿੱਚ 570 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿਰਫ 194 ਪਦਉੱਨਤਈਆਂ ਕਰਨ ਦੀ ਤਜਵੀਜ਼ ਹੈ । ਇੱਥੇ ਇਹ ਜ਼ਿਕਰਯੋਗ ਹੈ ਕਿ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੋ ਹਜਾਰ ਅਠਾਰਾਂ ਦੇ ਨਿਯਮਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਇਸ ਲਈ ਪੁਰਾਣੇ ਨਿਯਮਾਂ ਅਨੁਸਾਰ ਤਰੱਕੀਆਂ 75% ਪਦ ਉੱਨਤੀ ਕੋਟੇ ਅਨੁਸਾਰ ਕਰਨੀਆਂ ਬਣਦੀਆਂ ਹਨ ਇਸ ਲਈ ਸਿੱਖਿਆ ਵਿਭਾਗ ਨੂੰ ਚਾਰ ਸੌ ਅਠਾਈ ਪੋਸਟਾਂ ਤਰੱਕੀ ਰਾਹੀਂ ਭਰਨ ਦੀ ਤਜਵੀਜ਼ ਬਣਾਉੁਣੀ ਬਣਦੀ ਹੈ ।ਸਿੱਖਿਆ ਵਿਭਾਗ ਵੱਲੋਂ ਤਰੱਕੀ ਰਾਹੀਂ ਭਰੀਆਂ ਜਾ ਰਹੀਆਂ 194 ਅਸਾਮੀਆਂ 23/24 ਸਾਲਾਂ ਤੋਂ ਵੱਧ ਸਮੇਂ ਤੋ ਤਜ਼ੁਰਬੇਕਾਰ ਲੈਕਚਰਾਰਾਂ ਨਾਲ ਵੱਡਾ ਧੱਕਾ ਹੈ। ਸੋ ਜੱਥੇਬੰਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ 194 ਦੀ ਥਾਂ 428 ਅਸਾਮੀਆਂ ਤੇ ਤਰੱਕੀਆਂ ਕੀਤੀਆਂ ਜਾਣ ਤਾਂ ਜੋ 570 ਖ਼ਾਲੀ ਅਸਾਮੀਆਂ ਵਿੱਚੋਂ ਵੱਧ ਤੋਂ ਵੱਧ ਅਸਾਮੀਆਂ ਤੇ ਪ੍ਰਿੰਸੀਪਲ ਤਾਇਨਾਤ ਕੀਤੇ ਜਾ ਸਕਣ ਤਾਂ ਜੋ ਸਕੂਲ਼ਾਂ ਦੇ ਸੁਧਾਰ ਲਈ ਪਿਛਲੇ ਤਿੰਨ ਸਾਲਾਂ ਤੋਂ ਪ੍ਰਿੰਸੀਪਲਾਂ ਤੋਂ ਵਿਹੂਣੇ ਸਕੂਲ਼ਾਂ ਨੂੰ ਯੋਗ ਪ੍ਰਬੰਧ ਮੁਹਈਆਂ ਕਰਵਾਇਆ ਜਾ ਸਕੇ।
ਮੀਟਿੰਗ ਵਿੱਚ ਮੌਜ਼ੂਦ ਆਗੂਆਂ ਰਾਵਿੰਦਰਪਾਲ ਸਿੰਘ,ਜਸਪਾਲ ਸਿੰਘ,ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਕੁਲਦੀਪ ਗਰੋਵਰ,ਹਰਜੀਤ ਸਿੰਘ ਬਲਾੜੀ, ਚਰਨ ਦਾਸ,ਸਾਹਿਬਰਣਜੀਤ ਸਿੰਘ, ਕੌਸ਼ਲ ਕੁਮਾਰ, ਇੰਦਰਜੀਤ ਸਿੰਘ, ਦਿਲਬਾਗ਼ ਸਿੰਘ, ਨਾਇਬ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਨੇ ਵਿਭਾਗੀ ਟੈਸਟ,ਰਿਵਰਸ਼ਨ, 2018 ਦੇ ਨਿਯਮ,ਕੋਰਟ ਕੇਸਾਂ, ਖ਼ਤਮ ਕੀਤੀਆਂ ਅਤੇ ਲੁਕੋਇਆਂ ਅਸਾਮੀਆਂ, ਸਾਇੰਸ/ਕਾਮਰਸ ਗਰੁੱਪ ਵਾਲੇ ਸਕੂਲ਼ਾਂ ਵਿੱਚ ਪੂਰੀਆਂ ਅਸਾਮੀਆਂ ਉੱਤੇ ਵਡਮੁੱਲੇ ਸੁਝਾਅ ਦਿੱਤੇ ਅਤੇ ਮਾਨਯੋਗ ਪ੍ਰਿੰਸੀਪਲ ਸਕੱਤਰ ਸਕੂਲ਼ ਸਿੱਖਿਆ ਅਤੇ ਮਾਨਯੋਗ ਸਿੱਖਿਆ ਮੰਤਰੀ ਜੀ ਤੋਂ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਫੌਰਨ ਸਮੇਂ ਦੀ ਮੰਗ ਕੀਤੀ।
ਜੱਥੇਬੰਦੀ ਵੱਲੋਂ ਇਹਨਾਂ ਸਾਰੇ ਮੁੱਦਿਆਂ ਤੇ ਅਗਲੀ ਰਣਨੀਤੀ ਉਲੀਕਣ ਲਈ ਸਟੇਟ ਪੱਧਰ ਦੀ ਹੰਗਾਮੀ ਮੀਟਿੰਗ 17 ਨਵੰਬਰ ਨੂੰ ਮੁਹਾਲੀ ਵਿਖੇ ਬੁਲਾਈ ਲਈ ਗਈ ਹੈ ।