ਮੋਰਿੰਡਾ, 14 ਨਵੰਬਰ ( ਭਟੋਆ )
ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਲਈ ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ ਸਕੂਲ ਮੈਗਜ਼ੀਨ ‘ਸੁੱਚੇ ਮੋਤੀ’ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼ਿਵਾਲੀ ਸ਼ਰਮਾ ਨੇ ਦੱਸਿਆ ਕਿ ਇਹ ਮੈਗਜ਼ੀਨ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੈਗਜ਼ੀਨ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਮੁੰਡੀਆਂ ਨੇ ਜਾਰੀ ਕੀਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜਸਬੀਰ ਸਿੰਘ ਸ਼ਾਂਤਪੁਰੀ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ, ਰਾਜਸੀ ਸਫਰ ਅਤੇ ਬੱਚਿਆਂ ਪ੍ਰਤੀ ਪਿਆਰ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਅਤੇ ਜਗਜੀਤ ਸਿੰਘ ਢੰਗਰਾਲੀ ਨੇ ਆਪਣੀ ਲਿਖੀ ਕਵਿਤਾ ‘ਸੁੱਚੇ ਮੋਤੀ’ ਵੀ ਸੁਣਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਰਾਣੀ, ਮਨਦੀਪ ਕੌਰ, ਕੰਪਿਊਟਰ ਅਧਿਆਪਕ ਮਨਦੀਪ ਕੌਰ, ਰਣਜੀਤ ਕੌਰ, ਚਰਨਜੀਤ ਕੌਰ, ਵਿਦਿਆਰਥੀ ਅਤੇ ਉਹਨਾਂ ਦੇ ਮਾਤਾ-ਪਿਤਾ ਹਾਜ਼ਰ ਸਨ।