ਮੋਰਿੰਡਾ 12 ਨਵੰਬਰ ( ਭਟੋਆ )
ਸਿੱਖਿਆ ਮੰਤਰੀ (ਸਕੂਲ ਸਿੱਖਿਆ) ਹਰਜੋਤ ਸਿੰਘ ਬੈਂਸ ਵਲੋਂ ਓ.ਡੀ.ਐੱਲ. ਅਧਿਆਪਕਾਂ (3442, 7654, 5178) ਅਤੇ 180 ਈ.ਟੀ.ਟੀ. (ਮੁੱਢਲੀ ਭਰਤੀ 4500) ਦੇ ਬੇਇਨਸਾਫ਼ੀ ਤੇ ਪੱਖਪਾਤ ਨਾਲ ਸਬੰਧਤ ਮਾਮਲਿਆਂ ਸਬੰਧੀ ਪੰਜਾਬ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਬਲਜਿੰਦਰ ਸਿੰਘ ਗਰੇਵਾਲ ਅਤੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਦੇ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਾਲੇ ਵਫ਼ਦ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ।
ਜਿਸ ਵਿੱਚ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵੀ ਮੌਜੂਦ ਰਹੀ। ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਦੋਵੇਂ ਮਾਮਲੇ ਵਿਸਤਾਰ ਸਹਿਤ ਸੁਣੇ ਗਏ ਅਤੇ ਇਹਨਾਂ ਦੇ ਹੱਲ ਲਈ ਹਾਂ ਪੱਖੀ ਹੁੰਗਾਰਾ ਭਰਦਿਆਂ ਜਲਦੀ ਹੀ ਦੁਬਾਰਾ ਵਿਸਥਾਰਿਤ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਜਿਸਦਾ ਸਮਾਂ ਤੇ ਸਥਾਨ ਸਿੱਖਿਆ ਮੰਤਰੀ ਵੱਲੋਂ ਦੋ ਦਿਨਾਂ ਵਿੱਚ ਫਾਇਨਲ ਕਰਕੇ ਦੱਸਿਆ ਜਾਵੇਗਾ।
ਮੀਟਿੰਗ ਬਾਰੇ ਇੱਥੇ ਜਾਣਕਾਰੀ ਦਿੰਦਿਆਂ ਮੁਕੇਸ਼ ਕੁਮਾਰ, ਗੁਰਪਿਆਰ ਕੋਟਲੀ, ਜਤਿੰਦਰ ਸਿੰਘ ਅਤੇ ਸੋਹਣ ਬਰਨਾਲਾ ਨੇ ਦੱਸਿਆ ਕਿ ਆਗੂਆਂ ਵਲੋਂ ਸਿੱਖਿਆ ਮੰਤਰੀ ਅੱਗੇ ਪੀਡ਼ਤ ਅਧਿਆਪਕਾਂ ਦੇ ਮਸਲਿਆਂ ਸਬੰਧੀ ਦੱਸਿਆ ਗਿਆ ਕਿ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ (ODL) ਵਾਲੇ ਅਧਿਆਪਕਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਰੈਗੂਲਰ ਨਹੀਂ ਕੀਤਾ ਗਿਆ।
ਜਦ ਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਐੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ, ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਦੋ ਸਾਲਾਂ ਦਾ ਪਰਖ ਸਮਾਂ ਸਫ਼ਲਤਾ ਨਾਲ ਪਾਰ ਕਰ ਚੁੱਕੇ ਹੋਣ ਦੇ ਬਾਵਜੂਦ ਮਈ 2021 ਵਿੱਚ ਨਿਯਮਾਂ ਤੋਂ ਉਲਟ ਨਵੇਂ ਨਿਯੁਕਤੀ ਪੱਤਰ ਜਾਰੀ ਕਰਕੇ ਨਵੇਂ ਸਿਰੇ ਤੋਂ ਪਰਖ ਸਮਾਂ ਅਤੇ ਤਨਖਾਹ ਘਟਾ ਕੇ ਨਵੇਂ ਤਨਖ਼ਾਹ ਸਕੇਲ ਲਾਗੂ ਕਰ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਵਲੋਂ ਦੋਵੇਂ ਮਾਮਲਿਆਂ ਪ੍ਰਤੀ ਹਾਂ ਪੱਖੀ ਰਵੱਈਆ ਦਰਸਾਉਣ ਅਤੇ ਜਲਦ ਠੋਸ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਦੀਪ ਟੋਡਰਪੁਰ, ਗਿਆਨ ਚੰਦ, ਜਸਵਿੰਦਰ ਸਿੱਧੂ ਅਨੰਦਪੁਰ ਸਾਹਿਬ, ਲਵਦੀਪ ਰੌਕੀ, ਗੁਰਮੁਖ ਸਿੰਘ, ਰਾਹੁਲ ਚੋਪੜਾ ਅਤੇ ਮੁਕੇਸ਼ ਬੋਹਾ ਆਦਿ ਮੌਜੂਦ ਰਹੇ।