ਸਕੂਲਾਂ ਵਿੱਚ ਪੜ੍ਹਾਈ ਦੇ ਦਿਨ ਘੱਟ ਅਤੇ ਪ੍ਰੀਖਿਆਵਾਂ ਦੇ ਦਿਨ ਵੱਧ ਕਰਕੇ ਸਿੱਖਿਆ ਦੀ ਹੋ ਰਹੀ ਹੈ ਬਰਬਾਦੀ
ਦਲਜੀਤ ਕੌਰ
ਚੰਡੀਗੜ੍ਹ, 11 ਨਵੰਬਰ, 2022: ਸਦਾ ਹੀ ਆਪਣੇ ਨਵੇਂ ਨਵੇਂ ਕਾਰਨਾਮਿਆਂ ਕਾਰਣ ਚਰਚਾ ਵਿੱਚ ਰਹਿਣ ਵਾਲਾ ਪੰਜਾਬ ਦਾ ਸਿੱਖਿਆ ਵਿਭਾਗ ਵਾਰ-ਵਾਰ ਵਿਦਿਆਰਥੀਆਂ ਨੂੰ ਬੇਲੋੜੀਆਂ ਪ੍ਰੀਖਿਆਵਾਂ ਅਤੇ ਹੋਰ ਗਤੀਵਿਧੀਆਂ ਵਿੱਚ ਉਲਝਾਉਣ ਦੇ ਆਪਣੇ ਹਾਲੀਆ ਫ਼ੈਸਲਿਆਂ ਕਾਰਣ ਇੱਕ ਵਾਰ ਫ਼ੇਰ ਚਰਚਾ ਵਿੱਚ ਹੈ। ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੂਬਾ ਪ੍ਧਾਨ ਵਿਕਰਮ ਦੇਵ, ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜਿਲ੍ਹਾ ਅੰਮ੍ਰਿਤਸਰ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਵਾਰ-ਵਾਰ ਬੇਲੋੜੀਆਂ ਪ੍ਰੀਖਿਆਵਾਂ, ਕੁਇਜ਼ ਮੁਕਾਬਲਿਆਂ ਅਤੇ ਵੱਖ-ਵੱਖ ਵਿਸ਼ਿਆਂ ਦੇ ਬੇਲੋੜੇ ਮੇਲਿਆਂ ਵਿੱਚ ਉਲਝਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਜਾ ਰਿਹਾ ਹੈ ਜਿਸਦਾ ਕਿ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।
ਡੀ ਐੱਮ ਐੱਫ ਦੇ ਸੂਬਾ ਪ੍ਧਾਨ ਜਰਮਨਜੀਤ ਸਿੰਘ, ਚਰਨਜੀਤ ਸਿੰਘ, ਗੁਰਦੇਵ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਪਹਿਲਾਂ 5 ਤੋਂ 20 ਅਗਸਤ ਅਤੇ ਫ਼ੇਰ 27 ਤੋਂ 10 ਅਕਤੂਬਰ ਤੱਕ ਵਿਦਿਆਰਥੀਆਂ ਦੀਆਂ ਦੋ ਵਾਰ ਪ੍ਰੀਖਿਆਵਾਂ ਲਈਆਂ ਅਤੇ ਅਜੇ ਪਿਛਲੇ ਮਹੀਨੇ ਹੀ ਵਿਦਿਆਰਥੀ ਪ੍ਰੀਖਿਆਵਾਂ ਦੇ ਕੇ ਵਿਹਲੇ ਹੋਏ ਸਨ ਕਿ ਨਾਲ਼ ਹੀ ਬਲਾਕ ਪੱਧਰੀ ਖੇਡਾਂ ਆ ਗਈਆਂ, ਅਜੇ ਵਿਦਿਆਰਥੀਆਂ ਦੀ ਖੇਡਾਂ ਦੀ ਥਕਾਵਟ ਉਤੱਰੀ ਨਹੀਂ ਕਿ ਨਾਲ਼ ਹੀ ਉਨ੍ਹਾਂ ਉੱਤੇ ਕੁਇਜ਼ ਮੁਕਾਬਲੇ ਅਤੇ ਵੱਖ-ਵੱਖ ਵਿਸ਼ਿਆਂ ਦੇ ਬੇਲੋੜੇ ਮੇਲੇ ਥੋਪ ਦਿੱਤੇ ਗਏ ਅਤੇ ਹੁਣ ਫ਼ੇਰ 26 ਨਵੰਬਰ ਤੋਂ 9 ਦਸੰਬਰ ਤੱਕ ਪ੍ਰੀਖਿਆਵਾਂ ਦੀ ਨਵੀਂ ਡੇਟਸ਼ੀਟ ਜਾਰੀ ਕਰਕੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਫ਼ੇਰ ਫ਼ਿਕਰਾਂ ਵਿੱਚ ਪਾ ਦਿੱਤਾ ਹੈ।
ਅਧਿਆਪਕ ਆਗੂਆਂ ਰਾਜੇਸ਼ ਪਰਾਸ਼ਰ , ਨਿਰਮਲ ਸਿੰਘ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਨੇ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕੁੱਝ ਸਾਲ ਪਹਿਲਾਂ ਸਾਲ ਵਿੱਚ ਸਿਰਫ਼ 2 ਵਾਰ ਸਪਲੀਮੈਂਟਰੀ ਪ੍ਰੀਖਿਆਵਾਂ ਲਈਆਂ ਜਾਂਦੀਆਂ ਸਨ ਅਤੇ 1 ਵਾਰ ਸਾਲਾਨਾ ਪ੍ਰੀਖਿਆ ਲਈ ਜਾਂਦੀ ਸੀ, ਪਰ ਆਪ ਸਰਕਾਰ ਦੁਆਰਾ ਇਸ ਵਿੱਦਿਅਕ ਵਰ੍ਹੇ ਦੇ ਪਹਿਲੇ 7 ਮਹੀਨਿਆਂ ਵਿੱਚ ਹੀ ਇਹ ਤੀਜੀ ਵਾਰ ਪ੍ਰੀਖਿਆਵਾਂ ਵਿਦਿਆਰਥੀਆਂ ਉੱਤੇ ਥੋਪੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਇੱਕ ਵਾਰ ਪ੍ਰੀਖਿਆਵਾਂ ਲੈਣ ਨਾਲ਼ ਵਿਦਿਆਰਥੀਆਂ ਦੀ ਲੱਗਭੱਗ 20 ਦਿਨਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿੱਖਿਆ ਨੂੰ ਪਹਿਲੀ ਤਰਜੀਹ ਵਜੋਂ ਪ੍ਰਚਾਰਨ ਵਾਲ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਦਿਆਰਥੀਆਂ ਨੂੰ ਬੇਲੋੜੀਆਂ ਪ੍ਰੀਖਿਆਵਾਂ, ਮੁਕਾਬਲਿਆਂ, ਮੇਲਿਆਂ ਅਤੇ ਹੋਰ ਗਤੀਵਿਧੀਆਂ ਵਿੱਚ ਉਲਝਾ ਕੇ ਪਿਛਲੀਆਂ ਸਰਕਾਰਾਂ ਤੋਂ ਵੀ ਵੱਧ ਸਿੱਖਿਆ ਦਾ ਬੇੜਾ ਗ਼ਰਕ ਕਰਨ ਉੱਤੇ ਤੁਲੀ ਹੋਈ ਹੈ ਜਦਕਿ ਪੰਜਾਬ ਦੇ ਸਕੂਲਾਂ ਦੀਆਂ ਅਸਲ ਸਮੱਸਿਆਵਾਂ ਜਿਵੇਂ ਕਿ ਅਧਿਆਪਕਾਂ ਦੀਆਂ ਘਟਾਈਆਂ ਅਸਾਮੀਆਂ ਦੀ ਬਹਾਲੀ ਕਰਕੇ ਅਧਿਆਪਕਾਂ ਦੀ ਨਵੀਂ ਭਰਤੀ ਕਰਕੇ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਘਾਟ ਦੂਰ ਕਰਨ ਜਿਹੇ ਮੁੱਖ ਮੁੱਦਿਆਂ ਤੋਂ ਅੱਖਾਂ ਮੀਟ ਰਹੀ ਹੈ।
ਡੀ.ਟੀ.ਐੱਫ. ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਲੋੜੀਆਂ ਪ੍ਰੀਖਿਆਵਾਂ ਅਤੇ ਹੋਰ ਗਤੀਵਿਧੀਆਂ ਦੇ ਫ਼ੈਸਲੇ ਰੱਦ ਕੀਤੇ ਜਾਣ ਅਤੇ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਨਾਲ਼ ਸਲਾਹ ਕਰਕੇ ਸਰਕਾਰ ਸਕੂਲਾਂ ਦਾ ਵਿੱਦਿਅਕ ਕੈਲੰਡਰ ਤਿਆਰ ਕਰੇ ਜਿਸ ਵਿੱਚ ਪੜ੍ਹਾਈ ਦੇ ਵੱਧ ਹੋਣ ਅਤੇ ਉਸੇ ਕੈਲੰਡਰ ਦੇ ਅਧਾਰ ਉੱਤੇ ਹੀ ਸਾਰਾ ਸਾਲ ਪੜ੍ਹਾਈ ਹੋਵੇ।
ਇਸ ਮੌਕੇ ਕੁਲਦੀਪ ਤੋਲਾਨੰਗਲ, ਸੁਖਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਮੁਨੀਸ਼ ਪੀਟਰ,ਬਲਦੇਵ ਮੰਨਣ, ਕੇਵਲ ਸਿੰਘ, ਵਿਪਨ ਰਿਖੀ, ਬਖਸ਼ੀਸ਼ ਸਿੰਘ, ਚਰਨਜੀਤ ਭੱਟੀ, ਸੁਖਵਿੰਦਰ ਬਿੱਟਾ ਆਦਿ ਆਗੂ ਵੀ ਹਾਜ਼ਰ ਸਨ।