ਡੀ ਪੀ ਆਈ ਤੇ ਸਿੱਖਿਆ ਮੰਤਰੀ ਵੱਲੋਂ ਕੀਤੇ ਐਲਾਨ ਬਸ ਐਲਾਨ ਹੀ ਰਹੇ: ਰਾਜੇਸ਼ ਬੁਢਲਾਡਾ
ਫੇਰ ਕਹਿੰਦੇ ਧਰਨਾ ਨਾ ਲਾਉ, ਹੁਣ ਇਹ ਨਾ ਕਰੀਏ, ਤਾਂ ਕੀ ਕਰੀਏ...
ਮੁਹਾਲੀ, 7 ਨਵੰਬਰ: ਦੇਸ਼ ਕਲਿੱਕ ਬਿਓਰੋ
ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਏ ਬਿਆਨ ਕਿ 'ਜੋ ਜਥੇਬੰਦੀ ਧਰਨਾ ਲਗਾਏਗੀ ਮੈਂ ਉਸ ਨਾਲ ਗੱਲ ਨਹੀਂ ਕਰਾਂਗਾ' ਉਨ੍ਹਾਂ ਦੇ ਕਹਿਣ ਅਨੁਸਾਰ ਮੇਰੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ, ਕਦੋਂ ਵੀ ਆ ਕੇ ਕੋਈ ਮਿਲ ਸਕਦਾ ਹੈ। ਇਨ੍ਹਾਂ ਸ਼ਬਦਾਂ ਤੇ ਪ੍ਰਤੀਕਰਮ ਕਰਦੇ ਹੋਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਦੇ ਈਟੀਟੀ ਅਧਿਆਪਕਾਂ ਦੀ ਅਨਾਮਲੀ ਨੂੰ ਦੂਰ ਕਰਨ ਸਬੰਧੀ ਜਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ 21 ਅਪ੍ਰੈਲ ਨੂੰ ਇਹੀ ਸਰਕਾਰ ਦੇ ਉਸ ਸਮੇਂ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਬਿਨਾਂ 16 ਮਈ, 8 ਜੂਨ ਤੇ 29 ਅਗਸਤ ਨੂੰ ਡੀਪੀਆਈ ਪ੍ਰਾਇਮਰੀ ਪੰਜਾਬ ਹਰਿੰਦਰ ਕੌਰ ਤੋਂ ਇਲਾਵਾ 26 ਅਗਸਤ ਤੇ 12 ਅਕਤੂਬਰ ਨੂੰ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗਾਂ ਕਰ ਚੁੱਕੀ ਹੈ। ਇਨ੍ਹਾਂ ਹੋਈਆਂ ਸਾਰੀਆਂ ਹੀ ਮੀਟਿੰਗਾਂ ਵਿੱਚ ਅਫ਼ਸਰਸ਼ਾਹੀ ਅਤੇ ਸਰਕਾਰ ਦੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਅਨਾਮਲੀ ਤੁਰੰਤ ਹੀ ਦੂਰ ਕਰ ਦਾ ਭਰੋਸਾ ਦਿੱਤਾ ਸੀ, ਪਰ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਈਟੀਟੀ ਅਧਿਆਪਕਾਂ ਨਾਲ ਕੀਤੇ ਇਹ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ। ਇਸ ਤੋਂ ਪਹਿਲਾਂ ਵੀ ਜੰਥੇਬੰਦੀ ਵੱਲੋਂ 8 ਅਗਸਤ ਤੇ 9 ਅਗਸਤ ਨੂੰ ਪੰਜਾਬ ਦੇ ਸਾਰੇ ਡੀਈਓ ਨੂੰ ਜ਼ਿਲ੍ਹਾ ਪੱਧਰਾਂ ਤੇ ਵੱਡੇ ਇੱਕਠ ਕਰ ਕੇ ਮੰਗ ਪੱਤਰ ਵੀ ਦਿੱਤੇ ਗਏ ਸਨ। ਜੰਥੇਬੰਦੀ ਦੇ ਆਗੂਆਂ ਨੇ ਸਰਕਾਰ ਤੇ ਵਿਅੰਗ ਕਸਦਿਆਂ ਕਿਹਾ ਕਿ ਹੁਣ ਅਸੀਂ ਪੰਜਾਬ ਅੰਦਰ ਧਰਨੇ, ਮੁਜ਼ਾਹਰੇ, ਘਿਰਾਓ ਨਾ ਕਰੀਏ, ਹੋਰ ਕੀ ਕਰੀਏ। ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਕਿਹਾ ਕਿ ਸਰਕਾਰ ਦੀ ਅਫ਼ਸਰਸ਼ਾਹੀ ਜਾਣ ਬੁੱਝ ਕੇ ਮੁਲਾਜ਼ਮਾਂ ਦੇ ਮਸਲੇ ਲਟਕਾ ਰਹੀ ਹੈ, ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਜੰਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬਾਹਰਲੀਆਂ ਸਟੇਟਾਂ ਵਿੱਚ ਪੰਜਾਬ ਦੀਆਂ ਗੱਲਾਂ ਕਰਨ ਵਾਲੀ ਇਹ ਸਰਕਾਰ ਆਪਣੇ ਪੰਜਾਬ ਦੇ ਲੋਕਾਂ ਨਾਲ 6-6 ਮੀਟਿੰਗਾਂ ਵਿੱਚ ਵਾਅਦੇ ਕਰ ਕੇ ਵੀ ਇਸ ਨੂੰ ਪੂਰਾ ਨਹੀਂ ਕਰ ਰਹੀ। ਜਿਸ ਨੂੰ ਪੰਜਾਬ ਦੇ ਲੋਕ ਕਦੀ ਵੀ ਸਹਿਣ ਨਹੀਂ ਕਰਨਗੇ। ਇਸ ਮੌਕੇ ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ ਆਦਿ ਮੌਜੂਦ ਸਨ।