ਮੋਹਾਲੀ: 4 ਨਵੰਬਰ: ਦੇਸ਼ ਕਲਿੱਕ ਬਿਓਰੋ
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ‘ਨਸ਼ਿਆਂ ਨੂੰ ਨਾ’ ’ਤੇ ਇਕ ਜਾਗਰੁਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਾਗਰੁਕਤਾ ਦਸਤੇ ਵੱਲੋਂ ਪਿੰਡ ਰਡਿਆਲਾ, ਖਰੜ ਵਿਖੇ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ।
ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਜਾਗਰੁਕਤਾ ਦਸਤੇ ਨੇ ਚਾਰਟਾਂ ਦੇ ਨਾਲ ਪਿੰਡ ਦਾ ਇੱਕ ਚੱਕਰ ਲਗਾਇਆ ਅਤੇ ਪੰਜਾਬੀਓ ਜਾਗੋ ਨਸ਼ਾ ਤਿਆਗੋ ਦੇ ਨਾਅਰੇ ਵੀ ਲਗਾਏ।
ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਦੀ ਪਹਿਲਕਦਮੀ ’ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਪਿੱਛੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਡੀਨ ਡਾ. ਰਿਚਾ ਰੰਜਨ ਦੀ ਅਹਿਮ ਭੂਮਿਕਾ ਰਹੀ।
ਵਿਦਿਆਰਥੀਆਂ ਵੱਲੋਂ ਪਿੰਡ ਵਾਸੀਆਂ ਨੂੰ ਮੁੜ ਵਸੇਬੇ ਅਤੇ ਇਸ ਸਬੰਧੀ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਲੋਕਾਂ ਨੇ ਵੀ ਨਸ਼ਿਆਂ ਨਾਲ ਸਬੰਧਤ ਆਪਣੇ ਵਿਚਾਰ ਅਤੇ ਤਜ਼ੁਰਬੇ ਸਾਂਝੇ ਕੀਤੇ।
ਉਨਾਂ ਵਿੱਚੋਂ ਕੁਝ ਨੇ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਕਿ ਕਿਵੇਂ ਨਸ਼ਿਆਂ ਨੇ ਉਨਾਂ ਦੇ ਪਰਿਵਾਰਾਂ ਵਿੱਚ ਕਲੇਸ਼ ਅਤੇ ਹੋਰ ਸਮੱਸਿਆਵਾਂ ਪੈਦਾ ਕੀਤੀਆਂ ਹੋਈਆਂ ਹਨ।
ਇਸ ਜਾਗਰੁਕਤਾ ਮੁਹਿੰਮ ਦੌਰਾਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਮੋਨਿਕਾ ਬੈਂਸ, ਪਿ੍ਰਅੰਕਾ ਧੀਮਾਨ ਅਤੇ ਅਮਨਦੀਪ ਅਧਿਆਪਕ ਹਾਜ਼ਰ ਸਨ।
ਜਾਗਰੁਕਤਾ ਦਸਤੇ ਵਿੱਚ ਅਨਿਲ ਸ਼ਰਮਾ, ਹਿਮਾਂਸ਼ੂ ਰਾਜਪੂਤ, ਭਾਰਤੀ ਡੋਗਰਾ, ਗੁਰਸਾਹਿਬ ਸਿੰਘ ਹੁੰਦਲ, ਗੁਰਪਰਨੀਤ ਸਿੰਘ, ਮੀਤਕਮਲ ਸਿੰਘ, ਅੰਜਲੀ, ਅੰਸ਼ਿਕਾ, ਆਯੂਸ਼ ਜੋਸ਼ੀ, ਚਰਨਜੋਤ ਆਦਿ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।