ਵਾਸਿੰਗਟਨ, 30 ਅਕਤੂਬਰ, ਦੇਸ਼ ਕਲਿਕ ਬਿਊਰੋ:
ਐਲੋਨ ਮਸਕ ਟਵਿੱਟਰ ਦੇ ਮਾਲਕ ਬਣ ਗਏ ਹਨ ਅਤੇ ਕੰਪਨੀ ਨੂੰ 44 ਅਰਬ ਅਮਰੀਕੀ ਡਾਲਰ ਵਿੱਚ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਖਬਰ ਹੈ ਕਿ ਐਲੋਨ ਮਸਕ ਨੇ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਦਾ ਹੁਕਮ ਵੀ ਦਿੱਤਾ ਹੈ। ਉਨ੍ਹਾਂ ਨੇ ਮੈਨੇਜਮੈਂਟ ਨੂੰ ਕਿਹਾ ਹੈ ਕਿ ਇਸ ਪ੍ਰਕਿਰਿਆ ਦੌਰਾਨ ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ‘ਚੋਂ ਕੱਢਿਆ ਜਾਣਾ ਹੈ, ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ਦੀਆਂ ਨੀਤੀਆਂ 'ਚ ਬਦਲਾਅ ਲਈ ਵੀ ਕਿਹਾ ਹੈ।ਐਲੋਨ ਮਸਕ ਨੇ ਅਹੁਦਾ ਸੰਭਾਲਦੇ ਹੀ ਮਾਈਕ੍ਰੋ ਬਲੌਗਿੰਗ ਸਾਈਟ ਦੇ ਸੀਐਫਓ, ਸੀਈਓ ਅਤੇ ਨੀਤੀ ਮੁਖੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਅਤੇ ਵਿੱਤ ਮੁਖੀ ਨੇਡ ਸੇਗਲ ਨੇ ਕੰਪਨੀ ਦੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਨੂੰ ਛੱਡ ਦਿੱਤਾ ਹੈ।ਮਸਕ ਨੇ ਟਵਿੱਟਰ ਲਈ ਇੱਕ ਸਮੱਗਰੀ ਸੰਚਾਲਨ ਕੌਂਸਲ ਬਣਾਉਣ ਦਾ ਐਲਾਨ ਕੀਤਾ ਹੈ। ਐਲੋਨ ਮਸਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਸਮੱਗਰੀ ਨਾਲ ਸਬੰਧਤ ਜਾਂ ਪਾਬੰਦੀਸ਼ੁਦਾ ਖਾਤਿਆਂ ਨੂੰ ਬਹਾਲ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ।ਇਸ ਕੌਂਸਲ ਦੀ ਸਮੀਖਿਆ ਤੋਂ ਬਾਅਦ ਹੀ ਬੰਦ ਕੀਤੇ ਖਾਤਿਆਂ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਜਾਵੇਗਾ।