ਐੱਸ ਏ ਐੱਸ ਨਗਰ 21 ਅਕਤੂਬਰ: ਦੇਸ਼ ਕਲਿੱਕ ਬਿਓਰੋ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹੀਨਾਵਾਰ ਗਤੀਵਿਧੀਆਂ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਦੀ ਖ਼ਾਸ ਗਤੀਵਿਧੀ 'ਦੀਵੇ ਸਜਾਉਣਾ' ਤਹਿਤ ਮਿੱਟੀ ਅਤੇ ਹੋਰ ਧਾਤੂਆਂ ਦੇ ਦੀਵੇ ਸਜਾਏ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸ੍ਰੀ ਸੁਸ਼ੀਲ ਨਾਥ ਨੇ ਦੱਸਿਆ ਕਿ ਮਹੀਨਾਵਾਰ ਗਤੀਵਿਧੀਆਂ ਦੇ ਦਿੱਤੇ ਪ੍ਰੋਗਰਾਮ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਗਤੀਵਿਧੀ 'ਦੀਵੇ ਸਜਾਉਣਾ' ਦਾ ਦਿਨ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਮੱਦਦ ਨਾਲ਼ ਬਹੁਤ ਹੀ ਸੁੰਦਰ ਦੀਵੇ ਸਜਾਏ। ਕੁਝ ਦਿਨ ਪਹਿਲਾਂ ਹੀ ਸਕੂਲੀ ਵਿਦਿਆਰਥੀਆਂ ਨੇ ਇਹ ਦੀਵੇ ਆਪਣੇ ਹੱਥੀਂ ਬਣਾ ਕੇ ਸੁਕਾਏ ਅਤੇ ਅੱਜ ਇਹਨਾਂ ਨੂੰ ਰੰਗ ਰੋਗਨ ਕਰਕੇ ਤੇ ਫੁੱਲ ਬੂਟੀਆਂ ਬਣਾ ਕੇ ਆਪਣੇ ਹੱਥੀਂ ਸਜਾਇਆ। ਉਹਨਾਂ ਦੱਸਿਆ ਕਿ ਇਹਨਾਂ ਛੋਟੀ-ਛੋਟੀ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਪ੍ਰਤਿਭਾ ਦਾ ਵਿਕਾਸ ਹੁੰਦਾ ਹੈ। ਉਹਨਾਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਲਈ ਧੰਨਵਾਦ ਵੀ ਕੀਤਾ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਇਹਨਾਂ ਗਤੀਵਿਧੀਆਂ ਦੀਆਂ ਤਸਵੀਰਾਂ ਮਾਪਿਆਂ/ਅਧਿਆਪਕਾਂ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵੀ ਦੇਖੀਆਂ ਗਈਆਂ ਜਿਨ੍ਹਾਂ ਨੂੰ ਦੇਖ ਵਿਦਿਆਰਥੀਆਂ ਦੇ ਇਸ ਕਾਰਜ ਨੂੰ ਮਾਪਿਆਂ ਅਤੇ ਪਤਵੰਤਿਆਂ ਵੱਲੋਂ ਸਰਾਹਿਆ ਗਿਆ।