ਮੋਹਾਲੀ: 13 ਅਕਤੂਬਰ: ਦੇਸ਼ ਕਲਿੱਕ ਬਿਓਰੋ
ਰਿਆਤ ਬਾਹਰਾ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵੱਲੋਂ ‘ਬਿਜਲੀ ਦੇ ਝਟਕਿਆਂ ਤੋਂ ਬਚਾਅ’ ਵਿਸ਼ੇ ’ਤੇ ਇੱਕ ਵਿੱਦਿਅਕ ਮੁਹਿੰਮ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ਅਤੇ ਵਿਭਾਗਾਂ ਵਿੱਚ ਜਾ ਕੇ ਬਿਜਲੀ ਦੇ ਝਟਕਿਆਂ ਦੇ ਆਮ ਕਾਰਨਾਂ ਅਤੇ ਘਰਾਂ ਅਤੇ ਹੋਰ ਥਾਵਾਂ ’ਤੇ ਬਿਜਲੀ ਦੇ ਝਟਕਿਆਂ ਤੋਂ ਬਚਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।
ਵਿਦਿਆਰਥੀਆਂ ਦੀ ਟੀਮ ਨੇ ਦੱਸਿਆ ਕਿ ਜੇਕਰ ਤੁਸੀਂ ਸਹੀ ਸਾਵਧਾਨੀਆਂ ਵਰਤਦੇ ਹੋ ਤਾਂ ਬਿਜਲੀ ਦਾ ਹਰ ਇਕ ਕੰਮ ਸੁਰੱਖਿਅਤ ਹੈ।
ਉਨਾਂ ਦੱਸਿਆ ਕਿ ਬਿਜਲੀ ਦੇ ਝਟਕੇ ਨੂੰ ਰੋਕਣ ਲਈ ਪਾਲਣ ਕਰਨ ਵਾਲਾ ਪਹਿਲਾ ਨਿਯਮ ਪਾਵਰ ਬੰਦ ਕਰਨਾ ਹੈ। ਹਾਲਾਂਕਿ ਘਰ ਦੀਆਂ ਕੁਝ ਚੀਜ਼ਾਂ ਬਿਜਲੀ ਦੇ ਬੰਦ ਹੋਣ ’ਤੇ ਵੀ ਇਲੈਕਟਿ੍ਰਕ ਚਾਰਜ ਬਣਾ ਸਕਦੀਆਂ ਹਨ।
ਟੀਮ ਨੇ ਬਿਜਲੀ ਦੇ ਝਟਕਿਆਂ ਦੇ ਆਮ ਕਾਰਨਾਂ ਦੀ ਵਿਆਖਿਆ ਕੀਤੀ, ਜਿਸ ਵਿੱਚ ਪਾਣੀ ਦੇ ਸੰਪਰਕ ਵਿੱਚ ਆਉਣ ਵਾਲੇ ਬਿਜਲੀ ਉਪਕਰਣ, ਖਰਾਬ ਜਾਂ ਟੁੱਟੀਆਂ ਹੋਈਆਂ ਤਾਰਾਂ ਜਾਂ ਐਕਸਟੈਂਸ਼ਨ ਲੀਡਾਂ, ਗਲਤ ਜਾਂ ਖਰਾਬ ਘਰੇਲੂ ਵਾਇਰਿੰਗ, ਡਿੱਗੀਆਂ ਬਿਜਲੀ ਦੀਆਂ ਲਾਈਨਾਂ ਅਤੇ ਨੁਕਸਦਾਰ ਉਪਕਰਨ ਆਦਿ ਸ਼ਾਮਲ ਹਨ।
ਵਿਦਿਆਰਥੀਆਂ ਦੀ ਟੀਮ ਨੇ ਸੁਝਾਅ ਦਿੱਤਾ ਕਿ ਬਿਜਲੀ ਦੇ ਝਟਕਿਆਂ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਉਪਕਰਨਾਂ ਨੂੰ ਨਮੀ ਅਤੇ ਪਾਣੀ ਤੋਂ ਦੂਰ ਰੱਖਿਆ ਜਾਵੇ ਅਤੇ ਬਾਥਰੂਮ ਜਾਂ ਕਿਸੇ ਵੀ ਜਗਾ, ਜਿੱਥੇ ਉਹ ਪਾਣੀ ਦੇ ਸੰਪਰਕ ਵਿੱਚ ਆ ਸਕਦੇ ਹਨ, ਵਿੱਚ ਇਲੈਕਟਿ੍ਰਕ ਉਪਕਰਨਾਂ ਜਿਵੇਂ ਕਿ ਏਅਰ ਡ੍ਰਾਇਅਰ ਜਾਂ ਸੈਲ ਫ਼ੋਨ ਚਾਰਜਰ ਦੀ ਵਰਤੋਂ ਨਾ ਕੀਤੀ ਜਾਵੇ।
ਇਸ ਦੌਰਾਨ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ, ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਦੇ ਡੀਨ ਡਾ. ਅਨਮੋਲ ਗੁਪਤਾ ਅਤੇ ਵਿਭਾਗ ਦੇ ਮੁਖੀ ਡਾ. ਮਨਦੀਪ ਸੰਧੂ ਨੇ ਵਿਦਿਆਰਥੀਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਹੋਰ ਮੁਹਿੰਮਾਂ ਚਲਾਉਣ ਲਈ ਪ੍ਰੇਰਿਤ ਕੀਤਾ।
ਫੋਟੋ ਕੈਪਸ਼ਨ: ਬਿਜਲੀ ਦੇ ਝਟਕਿਆਂ ਤੋਂ ਬਚਾਅ ’ਤੇ ਹੋਈ ਵਿੱਦਿਅਕ ਮੁਹਿੰਮ ਦਾ ਦਿ੍ਰਸ਼।