ਚੰਡੀਗੜ੍ਹ: 12 ਅਕਤੂਬਰ, ਜਸਵੀਰ ਸਿੰਘ ਗੋਸਲ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਇਕ ਪੈਨਲ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਹੋਈ ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਨਵੇਂ ਪਦਉਨਤ ਲੈਕਚਰਾਰਾਂ ਦੇ ਵਿਭਾਗੀ ਟੈਸਟ ਸਬੰਧੀ ਵਿਸਤਾਰ ਪੂਰਵਕ ਚਰਚਾ ਹੋਈ ਅਤੇ 2018 ਦੇ ਨਿਯਮਾਂ ਵਿੱਚ ਸੋਧ ਕਰਕੇ ਇਸ ਟੈਸਟ ਨੂੰ ਰੋਕਣ ਦੀ ਪੁਰਜ਼ੋਰ ਅਪੀਲ ਕੀਤੀ। ਜਥੇਬੰਦੀ ਵੱਲੋਂ ਟੈਸਟ ਦੀ ਆੜ੍ਹ ਵਿੱਚ ਅਧਿਆਪਕਾਂ ਦੇ ਇੰਕਰੀਮੈਂਟ ਰੋਕਣ ਦਾ ਵਿਰੋਧ ਦਰਜ਼ ਕਰਵਾਇਆ ਗਿਆ। ਇਸ ਸਬੰਧੀ ਸਿੱਖਿਆ ਮੰਤਰੀ ਵੱਲੋਂ ਛੇਤੀ ਹੀ ਵਿਚਾਰ ਕਰਕੇ ਇਸ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜੱਥੇਬੰਦੀ ਵੱਲੋਂ ਲੈਕਚਰਾਰਾਂ ਦੀਆਂ ਬਿਨਾਂ ਕਿਸੇ ਕਾਰਨ ਰੋਕੀਆਂ ਪ੍ਰਮੋਸ਼ਨਾ ਬਾਰੇ ਹਰ ਪੱਖੋਂ ਵਿਭਾਗੀ ਅਤੇ ਕਨੂੰਨੀ ਪੱਖ ਸਪੱਸ਼ਟ ਕੀਤੇ ਗਏ ਇਸ ਤੇ ਸਿੱਖਿਆ ਮੰਤਰੀ ਵੱਲੋਂ ਬਹੁਤ ਜ਼ਲਦ ਪਹਿਲ ਦੇ ਅਧਾਰ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਬਦਲੀਆਂ ਦੀ ਪ੍ਰਕਿਰਿਆ ਜ਼ਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਯੂਨੀਅਨ ਦੀਆਂ ਮੁੱਖ ਮੰਗਾਂ ਰਿਵਰਸ਼ਨ, ਰੋਕੇ ਹੋਏ ਏ ਸੀ ਪੀ, ਰੋਕੇ ਹੋਏ ਭੱਤੇ, ਖ਼ਾਲੀ ਪੋਸਟਾਂ, ਜ਼ਿਲ੍ਹਾ ਖੇਡ ਅਫ਼ਸਰ ਆਦਿ ਮੁੱਦਿਆਂ ਤੇ ਸਿੱਖਿਆ ਮੰਤਰੀ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ ਹਰਜੀਤ ਸਿੰਘ ਬਲਾੜੀ, ਮੀਤ ਪ੍ਰਧਾਨ ਅਵਤਾਰ ਸਿੰਘ, ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਲੈਕਚਰਾਰ ਬਲਜਿੰਦਰ ਸਿੰਘ ਖੰਨਾ ਵੀ ਸ਼ਾਮਿਲ ਸਨ।