ਅਨਾਮਲੀ ਸਮੇਤ ਸਾਰੇ ਮਸਲਿਆਂ ਤੇ ਜਲਦੀ ਜਾਰੀ ਹੋਣਗੇ ਪੱਤਰ- ਸਿੱਖਿਆ ਮੰਤਰੀ
ਜੇਕਰ ਜਲਦੀ ਮਸਲੇ ਹੱਲ ਨਾ ਕੀਤੇ ਤਾਂ ਪੂਰੇ ਪੰਜਾਬ ਦਾ ਮੁਲਾਜ਼ਮ ਕੇਡਰ ਸਿੱਖਿਆ ਭਵਨ 'ਚ ਕਰੇਗਾ ਗੁਪਤ ਐਕਸ਼ਨ- ਆਗੂ
ਮੁਹਾਲੀ, 12 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਚਾਇਤੀ ਵਿਭਾਗ ਤੋਂ ਸਿੱਖਿਆ ਵਿਭਾਗ 'ਚ ਆਏ ਪੰਜਾਬ ਦੇ ਈਟੀਟੀ ਅਧਿਆਪਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਅੱਜ ਪੰਜਾਬ ਸਰਕਾਰ ਵੱਲੋਂ ਸਰਕਟ ਹਾਊਸ ਚੰਡੀਗੜ੍ਹ ਵਿਖੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਉੱਚ ਪੱਧਰੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੂਬਾ ਸਕੱਤਰ ਜਨਰਲ ਬੂਟਾ ਸਿੰਘ, ਸੂਬਾ ਆਗੂ ਗੁਰਪ੍ਰੀਤ ਬਰਾੜ ਸ਼ਾਮਿਲ ਹੋਏ। ਇਸ ਪੈਨਲ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਜੰਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ 'ਚ ਆਏ ਈਟੀਟੀ ਅਧਿਆਪਕਾਂ ਦੀ ਅਨਾਮਲੀ ਨੂੰ ਦੂਰ ਕਰਨ ਸਬੰਧੀ, ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਕਰਨ, ਪੂਰੇ ਪੰਜਾਬ 'ਚ ਤਨਖਾਹ ਦੀ ਇਕਸਾਰਤਾ ਲਈ, ਸਿੱਧੀ ਭਰਤੀ ਵਿੱਚ ਸਲਾਨਾ ਤਰੱਕੀ ਲਾਉਣ ਲਈ ਬੇਲੋੜੀ ਟੈਸਟ ਦੀ ਸ਼ਰਤ ਖਤਮ ਕਰਨ, ਬਦਲੀਆਂ 'ਚ ਜ਼ਿਲ੍ਹਾ ਪ੍ਰੀਸ਼ਦ ਵਾਲੀ ਸਰਵਿਸ ਵਿਚਾਰਨ, ਆਪਸੀ ਸੀਨੀਆਰਤਾ ਦਰੁੱਸਤ ਕਰਨ, ਰਹਿੰਦੇ ਬਕਾਏ ਜਾਰੀ ਕਰਨ, ਪੇਂਡੂ ਭੱਤਾ ਤੇ ਡੀ ਏ ਦੀ ਕਿਸ਼ਤ ਜਾਰੀ ਕਰਨ, ਛੁੱਟੀਆਂ ਦੌਰਾਨ ਨਿਭਾਈਆਂ ਵਾਧੂ ਡਿਊਟੀਆਂ ਬਦਲੇ ਸਰਵਿਸ ਰਿਕਾਰਡ ਵਿੱਚ ਕਮਾਈ ਛੁੱਟੀਆਂ ਦੀ ਐਂਟਰੀ ਕਰਨ ਦੀ ਮੰਗ ਰੱਖੀ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਅਨਾਮਲੀ ਸਮੇਤ ਸਾਰੇ ਮਸਲਿਆਂ ਸਬੰਧੀ ਜਲਦੀ ਹੀ ਪੱਤਰ ਜਾਰੀ ਕੀਤੇ ਜਾਣਗੇ। ਜੰਥੇਬੰਦੀ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਆਪਕਾਂ ਦੇ ਮਸਲਿਆਂ ਤੇ ਗੰਭੀਰ ਹਨ, ਉਹ ਜਲਦੀ ਹੀ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨਗੇ। ਉਨ੍ਹਾਂ ਇਹ ਵੀ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਵਾਂਗ ਇਹ ਮੀਟਿੰਗ ਵੀ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿੰਦੀ ਹੈ, ਤਾਂ ਇਸ ਨੂੰ ਪੰਜਾਬ ਦੇ ਈਟੀਟੀ ਅਧਿਆਪਕ ਕਦੀ ਵੀ ਸਹਿਣ ਨਹੀਂ ਕਰਨਗੇ। ਉਹ ਚੰਡੀਗੜ੍ਹ ਦੀ ਧਰਤੀ ਤੇ ਕੂਚ ਕਰਕੇ ਕੋਈ ਤਿੱਖਾ ਐਕਸ਼ਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜੰਥੇਬੰਦੀ ਦੇ ਸੂਬਾ ਆਗੂ ਸ਼ਿਵ ਰਾਣਾ ਮੁਹਾਲੀ, ਅਨੂਪ ਸ਼ਰਮਾਂ ਪਟਿਆਲਾ, ਦਵਿੰਦਰ ਸੱਲਣ ਨਵਾਂ ਸ਼ਹਿਰ, ਮੇਜਰ ਸਿੰਘ ਪਟਿਆਲਾ, ਗੁਰਮੇਜ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ ਗਿੱਲ, ਸੰਦੀਪ ਮੋਗਾ,ਸਮਸ਼ੇਰ ਸਿੰਘ, ਸੁਸ਼ੀਲ ਕੁਮਾਰ, ਬਲਵਿੰਦਰ ਮੱਕੜ, ਗੁਰਪਾਲ ਸਿੰਘ, ਵਿਕਰਮਜੀਤ, ਸਤਨਾਮ ਸਿੰਘ, ਸੁਰਿੰਦਰ ਸਿੰਘ ਭਟਨਾਗਰ, ਹਰਦੇਵ ਸਿੰਘ ਮਾਨਸਾ, ਰੇਸ਼ਮ ਸਿੰਘ ਕਪੂਰਥਲਾ ਹਾਜ਼ਰ ਸਨ।