ਕਈ ਵਿਸ਼ਿਆਂ ਦੇ ਨਤੀਜਿਆਂ ਨੇ ਬੇਰੁਜ਼ਗਾਰਾਂ ਨੂੰ ਪਾਇਆ ਮਾਨਸਿਕ ਸੰਕਟ 'ਚ
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਨਤੀਜੇ ਦੇ ਪੁਨਰ ਨਿਰੀਖਣ ਦੀ ਕੀਤੀ ਮੰਗ
ਮਸਲੇ ਦਾ ਤੁਰੰਤ ਹੱਲ ਨਾ ਹੋਣ ਤੇ 16 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 10 ਅਕਤੂਬਰ, 2022: ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਲੰਬੇ ਸੰਘਰਸ਼ ਮਗਰੋਂ ਪਿਛਲੀ ਕਾਂਗਰਸ ਸਰਕਾਰ ਦੁਆਰਾ ਜਾਰੀ ਕੀਤੀਆਂ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਵਿੱਚ ਕਈ ਵਿਸ਼ਿਆਂ ਦੇ ਨਤੀਜੇ ਨੇ ਬੇਰੁਜ਼ਗਾਰਾਂ ਨੂੰ ਮਾਨਸਿਕ ਸੰਕਟ ਵਿੱਚ ਪਾਇਆ ਹੋਇਆ ਹੈ।
ਦੱਸਣਯੋਗ ਹੈ ਕਿ ਸਮਾਜਿਕ ਸਿੱਖਿਆ ਲਈ ਅੰਦਾਜ਼ਨ 20000 ਉਮੀਦਵਾਰਾਂ ਨੇ ਪੇਪਰ ਦਿੱਤਾ ਪ੍ਰੰਤੂ ਬੇਰੁਜ਼ਗਾਰਾਂ ਦਾ ਆਖਣਾ ਹੈ ਕਿ 150 ਅੰਕਾਂ ਦੇ ਪੇਪਰ ਵਿੱਚ ਬਹੁਤੇ ਸਵਾਲ ਸਿਲੇਬਸ ਵਿੱਚੋ ਬਾਹਰੀ ਸਨ। ਖਾਸ ਕਰਕੇ ਜੋਗਰਫ਼ੀ ਪਾਰਟ ਦੇ ਸਵਾਲਾਂ ਨੇ ਨਾਗਰਿਕ ਸ਼ਾਸ਼ਤਰ ਵਾਲੇ ਉਮੀਦਵਾਰਾਂ ਨੂੰ ਨਕਾਰਾ ਕੇ ਦਿੱਤਾ। ਇਸੇ ਤਰਾਂ ਗਣਿਤ ਦੇ ਪੇਪਰ ਵਿੱਚ 12-13 ਸਵਾਲ ਸਿਲੇਬਸ ਵਿੱਚੋ ਬਾਹਰਲੇ ਸਨ। ਮਾਤ ਭਾਸ਼ਾ ਪੰਜਾਬੀ ਦੇ ਪੇਪਰ ਵਿੱਚ ਬਹੁਤ ਅਣਹੋਣੀ ਵਾਪਰੀ ਹੈ। ਕੁੱਲ 150 ਸਵਾਲਾਂ ਵਿੱਚੋ 20-22 ਸਵਾਲ ਦੁਬਿਧਾ ਵਾਲੇ ਸਨ। ਜਿੰਨਾਂ ਵਿਚੋਂ ਕੁੱਝ ਕੁ ਦੇ ਜਵਾਬ ਵੱਖ-ਵੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਯੂਨੀਵਰਸਿਟੀਆਂ ਅਨੁਸਾਰ ਵੱਖ-ਵੱਖ ਬਣਦੇ ਹਨ। ਜਿਸ ਨਾਲ ਅਨੇਕਾਂ ਬੇਰੁਜ਼ਗਾਰਾਂ ਦਾ ਭਵਿੱਖ ਖਰਾਬ ਹੋ ਚੁੱਕਾ ਹੈ।
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਦਮੀ ਪਾਰਟੀ ਦੀ ਸਰਕਾਰ ਉੱਤੇ ਦੋਸ਼ ਲਗਾਇਆ ਕਿ ਚੋਣਾਂ ਮੌਕੇ ਕੀਤੇ ਵਾਅਦੇ ਤੋ ਮੁੱਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਸਮੂਹ ਵਿਦਵਾਨਾਂ ਅਨੁਸਾਰ 'ਕੇਸਰ ਕਿਆਰੀ 'ਭਾਈ ਵੀਰ ਸਿੰਘ ਦੀ ਰਚਨਾ ਨਹੀਂ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪਰੀਖਿਆ ਦੀ ਤਿਆਰੀ ਕਰਕੇ ਉਕਤ ਆਪਸ਼ਨ ਭਰੀ ਉਨ੍ਹਾਂ ਨੂੰ ਇਸਦਾ ਅੰਕ ਮਿਲਣਾ ਚਾਹੀਦਾ ਸੀ, ਪ੍ਰੰਤੂ ਪ੍ਰੀਖਿਆ ਲੈਣ ਵਾਲੀ ਏਜੰਸੀ ਨੇ ਸਾਰੇ ਉਮੀਦਵਾਰਾਂ ਨੂੰ ਇੱਕ ਅੰਕ ਗਰੇਸ ਦੇਕੇ ਸਹੀ ਜਵਾਬ ਦੇਣ ਵਾਲਿਆਂ ਨਾਲ ਧੋਖਾ ਕੀਤਾ ਹੈ। ਇਸੇ ਤਰਜ਼ ਉੱਤੇ ਹੋਰ ਕਰੀਬ 20 ਸਵਾਲ ਹਨ। ਕਈ ਸਵਾਲਾਂ ਦੇ ਜਵਾਬ, ਪੇਪਰ ਵਿੱਚ ਦਿੱਤੀਆਂ ਚਾਰੇ ਆਪਸ਼ਨਾਂ ਵਿੱਚ ਨਹੀਂ ਸੀ। ਬਾਬੇ ਨਾਨਕ ਦੀ ਮੱਕੇ ਵਿਖੇ ਕਾਜ਼ੀਆਂ ਨਾਲ ਗੋਸ਼ਟ ਵਿਚ ਸ਼ਾਹ ਸ਼ਰਫ਼ ਅਤੇ ਕਾਜੀਆਂ ਵਿੱਚੋ ਕਿਸੇ ਇਕ ਜਵਾਬ ਨੇ ਸ਼ੰਕਾ ਪੈਦਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ 21 ਅਗਸਤ ਨੂੰ ਸ਼ਾਮ ਵੇਲੇ ਹੋਈ ਪ੍ਰੀਖਿਆ ਦੀ ਭਾਵੇ ਉਤਰ ਕੁੰਜੀ ਵਿਭਾਗ ਵੱਲੋਂ ਸਾਈਟ ਉੱਤੇ ਅੱਪਲੋਡ ਕੀਤੀ ਗਈ ਸੀ।ਉਮੀਦਵਾਰਾਂ ਨੇ ਆਪਣੇ ਇਤਰਾਜ਼ ਵਿਭਿੰਨ ਮਾਹਿਰਾਂ ਦੇ ਹਵਾਲੇ ਦੇਕੇ ਦਰਜ਼ ਕਰਵਾਏ, ਪ੍ਰੰਤੂ ਵਿਭਾਗ ਨੇ ਮੁੜ ਸੋਧੀ ਉੱਤਰ ਕੁੰਜੀ ਪਾਉਣ ਦੀ ਬਜਾਏ ਸਿੱਧਾ ਨਤੀਜਾ ਹੀ ਘੋਸ਼ਿਤ ਕਰ ਦਿੱਤਾ। ਜਿਸ ਨਾਲ ਕੁਝ ਉਮੀਦਵਾਰਾਂ ਦੇ ਸਹੀ ਉੱਤਰਾਂ ਦੇ ਅੰਕ ਕੱਟ ਦਿੱਤੇ ਅਤੇ ਕੁਝ ਅਯੋਗ ਨੂੰ ਨੰਬਰ ਦੇ ਦਿੱਤੇ। ਇਸ ਨਾਲ ਬੇਰੁਜ਼ਗਾਰਾਂ ਅੰਦਰ ਬਹੁਤ ਵੱਡੀ ਬੇਚੈਨੀ ਪਾਈ ਜਾ ਰਹੀ ਹੈ। ਇਸ ਧੱਕੇਸ਼ਾਹੀ ਦਾ ਟਾਕਰਾ ਕਰਨ ਲਈ ਅਦਾਲਤੀ ਰਾਹ ਚੁਣ ਰਹੇ ਹਨ। ਜਿਸ ਨਾਲ ਸਮੁੱਚੀ ਭਰਤੀ ਲਟਕਣ ਦਾ ਖਦਸ਼ਾ ਹੈ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਜਾਣ ਬੁਝ ਕੇ ਭਰਤੀ ਪ੍ਰਕਿਰਿਆ ਨੂੰ ਅਦਾਲਤਾਂ ਵਿੱਚ ਰੋਲਣਾ ਚਾਹੁੰਦੀ ਹੈ। ਉਹਨਾਂ ਨਤੀਜੇ ਦਾ ਪੁਨਰ ਨਿਰੀਖਣ ਕਰਨ ਦੀ ਮੰਗ ਕੀਤੀ।
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪਿਛਲੇ ਸਮੇਂ ਯੂਨੀਅਨ ਵੱਲੋਂ ਕੀਤੀ ਮੰਗ ਅਨੁਸਾਰ ਸਹੀ/ ਗਲਤ ਸਵਾਲਾਂ ਦੇ ਉੱਤਰਾਂ ਦਾ ਨਿਪਟਾਰਾ ਕਰਨ ਲਈ ਮਾਹਿਰਾਂ ਦਾ ਪੈਨਲ ਗਠਿਤ ਕੀਤਾ ਜਾਵੇ। ਉਹ ਵਿਭਿੰਨ ਸਾਹਿਤਕਾਰਾਂ, ਵਿਦਵਾਨਾਂ ਅਤੇ ਸੰਸਥਾਵਾਂ ਦੀਆਂ ਪ੍ਰਵਾਨਿਤ ਕਿਤਾਬਾਂ ਦੇ ਆਧਾਰ ਉੱਤੇ ਫੈਸਲਾ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਇਸ ਮਸਲੇ ਦਾ ਤੁਰੰਤ ਯੋਗ ਹੱਲ ਨਾ ਕੱਢਿਆ ਤਾਂ ਆਉਣ ਵਾਲੀ 16 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਗਿੱਲ, ਬਲਕਾਰ ਸਿੰਘ ਮਘਾਟੀਆਂ, ਲਖਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਆਦਿ ਹਾਜ਼ਰ ਸਨ।