ਸਰਕਾਰੀ ਸੀਨੀਅਰ ਸਕੂਲ ਸੋਹਾਣਾ (ਕੁੜੀਆਂ) ਦੀ ਟੀਮ ਲੋਕ ਨਾਚ ਅਤੇ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੀ ਟੀਮ ਰੋਲ ਪਲੇਅ ਵਿੱਚ ਦਿਖਾਉਣਗੀਆਂ ਆਪਣਾ ਜੌਹਰ
ਪ੍ਰਦਰਸ਼ਨ ਲਈ ਵਿਦਿਆਰਥੀ ਪੂਰੀ ਤਰ੍ਹਾਂ ਤਿਆਰ: ਡੀਈਓ ਸੁਸ਼ੀਲ ਨਾਥ
ਐੱਸ ਏ ਐੱਸ ਨਗਰ 10 ਅਕਤੂਬਰ: ਦੇਸ਼ ਕਲਿੱਕ ਬਿਓਰੋ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਰਾਜ ਪੱਧਰੀ ਰੋਲ ਪਲੇ ਅਤੇ ਲੋਕ ਨਾਚ ਮੁਕਾਬਲਿਆਂ ਦਾ ਆਯੋਜਨ 11 ਅਕਤੂਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਰੂਸਰ ਸੁਧਾਰ ਦੇ ਗੁਰੂ ਹਰਿ ਗੋਬਿੰਦ ਖ਼ਾਲਸਾ ਕਾਲਜ ਅਤੇ ਗੁਰੂ ਹਰਿ ਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਸੋਹਾਣਾ ਦੀ ਟੀਮ ਲੋਕ ਨਾਚ ਅਤੇ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੀ ਟੀਮ ਰੋਲ ਪਲੇਅ ਵਿੱਚ ਆਪਣੀ ਕਲਾ ਦਾ ਜੌਹਰ ਦਿਖਾਉਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਨੇ ਦੱਸਿਆ ਕਿ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਨਵੀਂ ਦਿੱਲੀ ਵੱਲੋਂ ਪ੍ਰਯੋਜਿਤ ਇਹਨਾਂ ਰਾਜ ਪੱਧਰੀ ਮੁਕਾਬਲਿਆਂ ਲਈ ਸਾਰੀ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾਂ ਹੀ ਜ਼ਿਲ੍ਹਾ ਪੱਧਰ ‘ਤੇ ਕਰਵਾਏ ਗਏ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲਿਆਂ ਦੀ ਪਹਿਲੇ ਸਥਾਨ ‘ਤੇ ਰਹਿਣ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ (ਕੁੜੀਆਂ) ਅਤੇ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੀ ਜੇਤੂ ਟੀਮਾਂ ਹੀ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨਗੀਆਂ ਅਤੇ ਟੀਮ ਦੇ ਗਾਇਡ ਅਧਿਆਪਕਾਂ ਨੂੰ ਵੀ ਨਿਸ਼ਚਿਤ ਸਥਾਨ ‘ਤੇ ਸਮੇਂ ਤੋਂ ਪਹਿਲਾਂ ਹਾਜ਼ਰ ਹੋਣ ਸੰਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਸੈਕੰਡਰੀ ਡਾ. ਕੰਚਨ ਸ਼ਰਮਾਂ ਨੇ ਦੱਸਿਆ ਕਿ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਨਵੀਂ ਦਿੱਲੀ ਵੱਲੋਂ ਇਹਨਾਂ ਮੁਕਾਬਲਿਆਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਰੋਲ ਪਲੇਅ ਦੇ ਫਾਇਨਲ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਗੁਰੂ ਹਰਿ ਗੋਬਿੰਦ ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਨਿਰਧਾਰਿਤ ਸਮੇਂ ਅਨੁਸਾਰ ਪਹੁੰਚ ਕੇ ਭਾਗ ਲੈਣਗੀਆਂ। ਲੋਕ ਨਾਚ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਗੁਰੁ ਹਰਿ ਗੋਬਿੰਦ ਖਾਲਸਾ ਕਾਲਜ ਵਿਖੇ ਪਹੁੰਚਣਗੀਆਂ ਅਤੇ ਨਿਰਧਾਰਿਤ ਸਮੇਂ ਅਨੁਸਾਰ ਆਪਣੀ ਪੇਸ਼ਕਾਰੀ ਕਰਨਗੀਆਂ। ਪ੍ਰਿੰਸੀਪਲ ਊਸ਼ਾ ਮਹਾਜਨ ਅਤੇ ਮੁੱਖ ਅਧਿਆਪਕਾ ਖੁਸ਼ੀ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਸਬੰਧੀ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਤਿਆਰੀ ਕੀਤੀ ਗਈ ਹੈ ਅਤੇ ਵਿਦਿਆਰਥੀ ਆਪਣੀ ਕਲਾ ਦਾ ਜੌਹਰ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਦੇ ਨਤੀਜੇ ਉਸ ਦਿਨ ਹੀ ਘੋਸ਼ਿਤ ਕਰ ਦਿੱਤੇ ਜਾਣਗੇ ਅਤੇ ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।