ਪਟਿਆਲਾ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ
ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ ਅਤੇ ਖੇਡ ਗਤੀਵਿਧੀਆਂ ਦੇ ਨਾਲ ਨਾਲ ਉਨ੍ਹਾਂ ਦੀਆਂ ਸ਼ਖ਼ਸੀਅਤ ਉਸਾਰੀ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉਪਕੁਲਪਤੀ ਲੈਫ਼ਟੀਨੈਂਟ ਜਨਰਲ (ਡਾ.) ਜੇ.ਐੱਸ.ਚੀਮਾ ਨੇ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਉਸਾਰੀ ਦੀਆਂ ਕਲਾਸਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੇ ਵਿਅਕਤੀਤਵ ਵਿਚ ਉਸ ਦੀ ਬਾਹਰੀ ਦਿੱਖ ਅਤੇ ਅੰਦਰੂਨੀ ਚਰਿੱਤਰ ਸ਼ਾਮਲ ਹੁੰਦਾ ਹੈ ਅਤੇ ਇਹਨਾਂ ਦੋਵਾਂ ਦਾ ਸੰਤੁਲਿਤ ਵਿਕਾਸ ਜ਼ਰੂਰੀ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੀਆਂ ਜੜ੍ਹਾਂ ਮਜ਼ਬੂਤ ਹਨ ਤਾਂ ਤੁਹਾਡੇ ਖੰਭਾਂ ਦੀ ਉਡਾਰੀ ਵੀ ਉੱਚੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਨ ਦਾ ਸੁਨੇਹਾ ਦਿੱਤਾ।
ਸਮਾਗਮ ਦੌਰਾਨ ਡਾ. ਚੀਮਾ ਨੇ ਏ.ਆਈ.ਯੂ. ਦੀ ਭਰਤੀ ਦੀ ਤਿਆਰੀ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਿਖਲਾਈ ਅਤੇ ਕੋਚਿੰਗ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਅਤੇ ਸਟਾਫ਼ ਮੌਜੂਦ ਸੀ। 'ਸ਼ਖ਼ਸੀਅਤ ਉਸਾਰੀ ਦੀਆਂ ਕਲਾਸਾਂ' ਦੇ ਕੋਆਰਡੀਨੇਟਰ ਡਾ. ਸਨਮਾਨ ਕੌਰ ਬੈਂਸ ਅਤੇ ਡਾ. ਹਰਜੋਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪਰਸਨੈਲੀਟੀ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਸਕਿੱਲ ਨੂੰ ਬਿਹਤਰ ਕਰਨ ਲਈ ਹੋਰਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬਿਹਤਰ ਅਧਿਆਪਕਾਂ ਨੂੰ ਵੀ ਸੱਦਿਆ ਜਾਵੇਗਾ।